ਕੇ.ਪੀ ਸਿੰਘ
ਗੁਰਦਾਸਪੁਰ, 2 ਅਪਰੈਲ
ਤਿੱਬੜ ਪੁਲੀਸ ਸਟੇਸ਼ਨ ਅਧੀਨ ਆਉਂਦੇ ਪਿੰਡ ਨੰਗਲ ਦੇ ਇੱਕ ਕਰਿਆਨਾ ਦੁਕਾਨਦਾਰ ਨੇ ਕਮੇਟੀਆਂ ਵਿੱਚ ਲੱਖਾਂ ਰੁਪਏ ਦੇ ਲੈਣ ਦੇਣ ਤੋਂ ਪ੍ਰੇਸ਼ਾਨ ਹੋ ਕੇ ਆਪਣੀ ਦੁਕਾਨ ਵਿੱਚ ਫਾਹ ਲੈ ਕੇ ਆਤਮਹੱਤਿਆ ਕਰ ਲਈ। ਆਤਮਹੱਤਿਆ ਤੋਂ ਪਹਿਲਾਂ ਪ੍ਰਭਜੋਤ ਸਿੰਘ (40) ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਨੰਗਲ ਨਾਮ ਦੇ ਇਸ ਵਿਅਕਤੀ ਨੇ ਆਪਣੇ ਮੋਬਾਈਲ ਦਾ ਕੈਮਰਾ ਆਨ ਕਰ ਕੇ ਰਿਕਾਰਡਿੰਗ ਸ਼ੁਰੂ ਕਰ ਦਿੱਤੀ ਅਤੇ ਖ਼ੁਦਕੁਸ਼ੀ ਨੋਟ ਨੂੰ ਆਪਣੀ ਕਮੀਜ਼ ਨਾਲ ਲਟਕਾ ਲਿਆ। ਮ੍ਰਿਤਕ ਪ੍ਰਭਜੋਤ ਦੀ ਮਾਂ ਨੇ ਦੱਸਿਆ ਕਿ ਕਮੇਟੀਆਂ ਦੇ ਲੈਣ-ਦੇਣ ਦੇ ਮਾਮਲੇ ਵਿੱਚ ਕੁਝ ਲੋਕ ਉਸ ਨੂੰ ਦੁਕਾਨ ਤੇ ਆ ਕੇ ਤੰਗ ਪਰੇਸ਼ਾਨ ਕਰਦੇ ਸਨ। ਇਸ ਕਾਰਨ ਉਹ ਆਪਣੀ ਨੂੰਹ ਨੂੰ ਵੀ ਪੁੱਤਰ ਦੀ ਦੁਕਾਨ ਤੇ ਭੇਜ ਦਿੰਦੀ ਸੀ। ਅੱਜ ਪ੍ਰਭਜੋਤ ਦੀ ਪਤਨੀ ਜਦੋਂ ਦੁਕਾਨ ਤੇ ਗਈ ਤਾਂ ਦੇਖਿਆ ਕਿ ਪ੍ਰਭਜੋਤ ਨੇ ਗਲੇ ਵਿੱਚ ਫਾਹ ਲਿਆ ਸੀ ਅਤੇ ਉਹ ਛੱਤ ਨਾਲ ਲਟਕ ਰਿਹਾ ਸੀ। ਆਪਣੇ ਖ਼ੁਦਕੁਸ਼ੀ ਨੋਟ ਵਿੱਚ ਪ੍ਰਭਜੋਤ ਸਿੰਘ ਨੇ ਲਿਖਿਆ ਸੀ ਕਿ ਉਸ ਨੇ ਧਾਰੀਵਾਲ ਵਿੱਚ ਕਰਿਆਨੇ ਦੀ ਇੱਕ ਦੁਕਾਨ ਦੇ ਮਾਲਕ ਤੋਂ ਕਮੇਟੀਆਂ ਦੇ 22 ਲੱਖ 30 ਹਜ਼ਾਰ ਰੁਪਏ ਲੈਣੇ ਸਨ ਜਿਸ ਵਿੱਚੋਂ ਚਾਰ ਲੱਖ 30 ਹਜ਼ਾਰ ਰੁਪਏ ਉਸ ਨੂੰ ਮਿਲ ਚੁੱਕੇ ਸਨ ਅਤੇ 18 ਲੱਖ ਬਾਕੀ ਲੈਣੇ ਸਨ। ਇਸ ਵਿਅਕਤੀ ਨੇ ਉਸ ਕੋਲ ਆਪਣੀ ਅਤੇ ਆਪਣੇ ਰਿਸ਼ਤੇਦਾਰਾਂ ਦੀਆਂ ਕੁੱਲ 15 ਕਮੇਟੀਆਂ ਪਾਈਆਂ ਸਨ। ਇਸ ਲੈਣ-ਦੇਣ ਨੂੰ ਲੈ ਕੇ ਉਹ ਉਸ ਨੂੰ ਧਮਕਾਉਂਦਾ ਰਹਿੰਦਾ ਸੀ ਅਤੇ ਇਸੇ ਪਰੇਸ਼ਾਨੀ ਕਾਰਨ ਉਹ ਆਤਮ ਹੱਤਿਆ ਕਰ ਰਿਹਾ ਹੈ। ਥਾਣਾ ਤਿੱਬੜ ਦੇ ਮੁਖੀ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਬਿਆਨਾਂ ਅਤੇ ਖ਼ੁਦਕੁਸ਼ੀ ਨੋਟ ਦੇ ਆਧਾਰ ਤੇ ਪੁਲੀਸ ਕਾਰਵਾਈ ਕਰ ਰਹੀ ਹੈ।