ਦਲਬੀਰ ਸੱਖੋਵਾਲੀਆ
ਡੇਰਾ ਬਾਬਾ ਨਾਨਕ, 8 ਅਗਸਤ
ਆਪਣਾ ਪੰਜਾਬ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸਾਬਕਾ ਮੰਤਰੀ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਦੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੇ ਸੋਸ਼ਲ ਮੀਡੀਆ ਵਿੱਚ ਚਰਚੇ ਜ਼ੋਰਾਂ ’ਤੇ ਹਨ। ਭਰੋਸੇਯੋਗ ਸੂਤਰ ਦੱਸਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਹਾਈ ਕਮਾਨ ਜਥੇਦਾਰ ਛੋਟੇਪੁਰ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਲਈ ਖ਼ਾਸ ‘ਮੌਕੇ’ ਦੀ ਤਲਾਸ਼ ’ਚ ਹੈ। ਸੂਤਰ ਦੱਸਦੇ ਹਨ ਕਿ ਛੋਟੇਪੁਰ ਦੇ ਕਰੀਬੀਆਂ ਵੱਲੋਂ ਉਨ੍ਹਾਂ ਨੂੰ ਹਲਕਾ ਡੇਰਾ ਬਾਬਾ ਨਾਨਕ ਤੋਂ ਚੋਣ ਲੜਨ ’ਤੇ ਜ਼ੋਰ ਪਾਇਆ ਜਾ ਰਿਹਾ ਹੈ। ਜਥੇਦਾਰ ਛੋਟੇਪੁਰ ਨੇ ਦੱਸਿਆ ਕਿ ਉਨ੍ਹਾਂ ਆਪਣੇ ਵੋਟਰਾਂ ਅਤੇ ਹਮਾਇਤੀਆਂ ਨਾਲ ਸਲਾਹ ਮਸ਼ਵਰਾ ਕਰਕੇ ਹੁਣ ਤੱਕ ਰਾਜਸੀ ਫ਼ੈਸਲੇ ਲਏ ਹਨ, ਉਨ੍ਹਾਂ ਦੇ ਕਰੀਬੀ ਜੋ ਮਸ਼ਵਰਾ ਦੇਣਗੇ, ਉਸ ਅਨੁਸਾਰ ਭਵਿੱਖ ਦੇ ਫ਼ੈਸਲੇ ਹੋਣਗੇ।
ਉਧਰ, ਹਲਕਾ ਡੇਰਾ ਬਾਬਾ ਨਾਨਕ ਤੋਂ ਅਕਾਲੀ ਦਲ ਦੁਆਰਾ ਟਿਕਟ ਲਈ ਭੱਜ ਦੌੜ ਕਰ ਰਹੇ ਹੋਰ ਪਾਰਟੀ ਆਗੂਆਂ ਨੇ ਆਪਣੀਆਂ ਰਾਜਸੀ ਸਰਗਰਮੀਆਂ ਵਧਾ ਦਿੱਤੀਆਂ ਹਨ। ਵੱਖ ਵੱਖ ਵੱਟਸਐਪ ਗਰੁੱਪਾਂ ਵਿੱਚ ਛੋਟੇਪੁਰ ਦੇ ਅਕਾਲੀ ਦਲ ’ਚ ਸ਼ਾਮਲ ਹੋਣ ਦੇ ਚਰਚੇ ਹਨ। ਜ਼ਿਲ੍ਹੇ ਦੇ ਕੁਝ ਸਾਬਕਾ ਵਿਧਾਇਕਾਂ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਜਥੇਦਾਰ ਛੋਟੇਪੁਰ ਨੂੰ ਹਲਕਾ ਡੇਰਾ ਬਾਬਾ ਨਾਨਕ ਦੀ ਥਾਂ ਹੋਰ ਹਲਕਾ ਦੇਣ ਦੀ ਗੱਲ ਆਖੀ ਗਈ ਹੈ। ਜਥੇਦਾਰ ਛੋਟੇਪੁਰ ਜੋ 1986 ’ਚ ਤਤਕਾਲੀ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਸਰਕਾਰ ’ਚ ਮੰਤਰੀ ਸਨ। ਇਸੇ ਤਰ੍ਹਾਂ ਸਰਹੱਦੀ ਜ਼ਿਲ੍ਹੇ ਵਿੱਚ ਹੁਣ ਤੱਕ ਇੱਕ ਹੀ ਆਜ਼ਾਦ ਚੋਣ 2002 ’ਚ ਜਿੱਤ ਕੇ ਵਿਧਾਇਕ ਬਣੇ ਸਨ। ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਹਲਕੇ ਤੋਂ ਟਿਕਟ ਲਈ ਕਸਰਤ ਕਰ ਰਹੇ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਕਰੀਬੀਆਂ ਨਾਲ ਮੀਟਿੰਗ ਕੀਤੀ ਸੀ। ਅਕਾਲੀ ਦਲ ਦੇ ਆਗੂ ਇੰਦਰਜੀਤ ਸਿੰਘ ਰੰਧਾਵਾ (ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਭਰਾ) ਵੱਲੋਂ 11 ਅਗਸਤ ’ਤੇ ਕਲਾਨੌਰ ’ਚ ਜਿੱਥੇ ਆਪਣੇ ਹਮਾਇਤੀਆਂ ਦੀ ਮੀਟਿੰਗ ਬੁਲਾਈ ਹੈ, ਉਥੇ 2012 ਅਤੇ 2017 ’ਚ ਇਸੇ ਹਲਕੇ ਤੋਂ ਚੋਣ ਲੜ ਚੁੱਕੇ ਅਤੇ ਹੁਣ ਪੰਥ ਵਿੱਚ ਸ਼ਾਮਲ ਹੋਣ ਲਈ ਯਤਨਸ਼ੀਲ ਸੁੱਚਾ ਸਿੰਘ ਲੰਗਾਹ ਦੁਆਰਾ ਵੀ 13 ਅਗਸਤ ’ਤੇ ਆਪਣੇ ਸਮਰਥੱਕਾਂ ਦੀ ਮੀਟਿੰਗ ਕਲਾਨੌਰ ’ਚ ਸੱਦੀ ਗਈ ਹੈ।