ਐੱਨਪੀ. ਧਵਨ
ਪਠਾਨਕੋਟ, 18 ਅਕਤੂਬਰ
ਹਲਕਾ ਭੋਆ ਦੇ ਵਿਧਾਇਕ ਜੋਗਿੰਦਰ ਪਾਲ ਨੂੰ ਉਸ ਵੇਲੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭੋਆ ਦਾ ਦੌਰਾ ਅਚਨਚੇਤ ਰੱਦ ਕਰ ਦਿੱਤਾ ਤੇ ਉਹ ਪਠਾਨਕੋਟ ਤੋਂ ਸਿੱਧਾ ਗੁਰਦਾਸਪੁਰ ਨੂੰ ਹੈਲੀਕਾਪਟਰ ਰਾਹੀਂ ਚਲੇ ਗਏ। ਭੋਆ ’ਚ ਮੁੱਖ ਮੰਤਰੀ ਦਾ ਸਵਾਗਤ ਕਰਨ ਲਈ ਜੁੜੇ ਹੋਏ ਕਾਂਗਰਸ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਨਿਰਾਸ਼ ਪਰਤਣਾ ਪਿਆ। ਜਦ ਕਿ ਭੋਆ ਵਿੱਚ ਵਿਧਾਇਕ ਜੋਗਿੰਦਰ ਪਾਲ ਵੱਲੋਂ ਮੁੱਖ ਮੰਤਰੀ ਅਤੇ ਹਲਕੇ ਦੇ ਪਾਰਟੀ ਆਗੂਆਂ ਦਾ ਲੰਚ ਰੱਖਿਆ ਹੋਇਆ ਸੀ। ਮੁੱਖ ਮੰਤਰੀ ਦੇ ਅਚਾਨਕ ਰੱਦ ਕੀਤੇ ਪ੍ਰੋਗਰਾਮ ਨੂੰ ਲੈ ਕੇ ਅੱਜ ਸਾਰਾ ਦਿਨ ਇਥੇ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਚਲਦੀਆਂ ਰਹੀਆਂ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੱਲ੍ਹ ਦੀਨਾਨਗਰ ਅਤੇ ਪਠਾਨਕੋਟ ਦਾ ਦੌਰਾ ਕਰਨ ਉਪਰੰਤ ਦੁਪਹਿਰ ਬਾਅਦ ਜਦ ਹੈਲੀਕਾਪਟਰ ਵਿੱਚ ਗੁਰਦਾਸਪੁਰ ਜਾਣ ਲਈ ਸਵਾਰ ਹੋਏ ਤਾਂ ਉਨ੍ਹਾਂ ਨਾਲ ਉਪ-ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਸਨ। ਵਿਧਾਇਕ ਜੋਗਿੰਦਰ ਪਾਲ ਉਥੇ ਹੈਲੀਕਾਪਟਰ ਵਿੱਚ ਬੈਠਣ ਸਮੇਂ ਮੁੱਖ ਮੰਤਰੀ ਨੂੰ ਭੋਆ ਜਾਣ ਲਈ ਗੁਜਾਰਿਸ਼ ਕਰਨ ਲੱਗੇ ਤਾਂ ਮੁੱਖ ਮੰਤਰੀ ਨੇ ਬੇਵਸੀ ਜ਼ਾਹਿਰ ਕਰ ਦਿੱਤੀ। ਭੋਆ ’ਚ ਸਵਾਗਤ ਕਰਨ ਲਈ ਪੁੱਜੇ ਆਗੂਆਂ ਵਿੱਚ ਸਾਬਕਾ ਮੰਤਰੀ ਰਮਨ ਭੱਲਾ, ਉਪ-ਚੇਅਰਮੈਨ ਕਾਰਤਿਕ ਵਡੈਹਰਾ, ਸੁਜਾਨਪੁਰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨਰੇਸ਼ ਪੁਰੀ ਅਤੇ ਸੁਜਾਨਪੁਰ ਦੇ ਕਾਂਗਰਸ ਪਾਰਟੀ ਦੇ ਆਗੂ ਅਮਿਤ ਸਿੰਘ ਮੰਟੂ ਪ੍ਰਮੁੱਖ ਸਨ।
ਵਿਧਾਇਕ ਜੋਗਿੰਦਰ ਪਾਲ ਨਾਲ ਵਾਰ-ਵਾਰ ਫੋਨ ਕਰਨ ’ਤੇ ਸੰਪਰਕ ਨਾ ਹੋ ਸਕਿਆ ਜਦ ਕਿ ਰਮਨ ਭੱਲਾ ਤੇ ਕਾਰਤਿਕ ਵਡੈਹਰਾ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਦਾ ਹੁਸ਼ਿਆਰਪੁਰ, ਦੀਨਾਨਗਰ ਤੇ ਪਠਾਨਕੋਟ ਵਿੱਚ ਸਮਾਂ ਜ਼ਿਆਦਾ ਲੱਗ ਜਾਣ ਨਾਲ ਹੈਲੀਕਾਪਟਰ ਦੇ ਰਾਤ ਨੂੰ ਉਡਣ ਦੀ ਸਮੱਸਿਆ ਖੜ੍ਹੀ ਹੋ ਜਾਣੀ ਸੀ ਜਿਸ ਕਰਕੇ ਮੁੱਖ ਮੰਤਰੀ ਨੂੰ ਪ੍ਰੋਗਰਾਮ ਰੱਦ ਕਰਨਾ ਪਿਆ।