ਪੱਤਰ ਪ੍ਰੇਰਕ
ਤਰਨ ਤਾਰਨ, 9 ਅਕਤੂਬਰ
ਕਿਰਤੀ ਕਿਸਾਨ ਯੂਨੀਅਨ ਨੇ ਅੱਜ ਇਥੋਂ ਦੇ ਗਾਂਧੀ ਮਿਉਂਸਿਪਲ ਪਾਰਕ ਵਿੱਚ ਇਕ ਮੀਟਿੰਗ ਕਰਕੇ ਜ਼ਿਲ੍ਹੇ ਅੰਦਰ ਆਪਣੀਆਂ ਸਰਗਰਮੀਆਂ ਤੇਜ਼ ਕਰਨ ਦਾ ਫ਼ੈਸਲਾ ਲਿਆ| ਯੂਨੀਅਨ ਵਲੋਂ ਕੀਤੀ ਮੀਟਿੰਗ ਵਿੱਚ ਕਿਸਾਨੀ ਮੰਗਾਂ ਬਾਰੇ ਵਿਚਾਰਾਂ ਕਰਨ ਦੇ ਨਾਲ ਜਥੇਬੰਦੀ ਦੀ ਐਡਹਾਕ ਕਮੇਟੀ ਦੀ ਵੀ ਚੋਣ ਕੀਤੀ ਗਈ| ਇਸ ਮੌਕੇ ਜਥੇਬੰਦੀ ਦੀ ਸੂਬਾ ਕਮੇਟੀ ਦੇ ਆਗੂ ਸਤਨਾਮ ਸਿੰਘ ਝੰਡੇਰ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ, ਰਵਿੰਦਰ ਸਿੰਘ ਛੱਜਲਵੱਡੀ, ਹਰਦੀਪ ਕੌਰ ਕੋਟਲਾ ਸੂਬਾਈ ਆਗੂ ਨੇ ਸੰਬੋਧਨ ਕੀਤਾ| ਬੁਲਾਰਿਆਂ ਨੇ ਤਰਨ ਤਾਰਨ ਸਰਹੱਦੀ ਜ਼ਿਲ੍ਹੇ ਦੇ ਕਿਸਾਨਾਂ ਦੀਆਂ ਮੰਗਾਂ ਅਤੇ ਮੁਸ਼ਕਲਾਂ ਆਦਿ ਤੋਂ ਇਲਾਵਾ ਸਰਹੱਦੀ ਖੇਤਰ ਅੰਦਰ ਕਿਸਾਨ ਦੀ ਗੁਰਬਤ ਦਾ ਉਚੇਚਾ ਵਰਣਨ ਕੀਤਾ| ਇਸ ਮੌਕੇ ਸਰਬਸੰਮਤੀ ਨਾਲ ਤਰਨ ਤਾਰਨ ਦੀ 16 ਮੈਂਬਰੀ ਜ਼ਿਲ੍ਹਾ ਐਡਹਾਕ ਕਮੇਟੀ ਵਿੱਚ ਸੁਖਚੈਨ ਸਿੰਘ ਸਰਹਾਲੀ ਖੁਰਦ, ਬਲਕਾਰ ਸਿੰਘ ਜੰਡੋਕੇ, ਭੁਪਿੰਦਰ ਸਿੰਘ ਤੱਖਤੂ ਚੱਕ, ਬਲਵਿੰਦਰ ਸਿੰਘ ਸਖੀਰਾ, ਕੁਲਦੀਪ ਸਿੰਘ ਜਵੰਦਾ, ਨਛੱਤਰ ਸਿੰਘ ਪੰਨੂ, ਸੂਬੇਦਾਰ ਸਤਵੰਤ ਸਿੰਘ ਮੁਗਲ ਚੱਕ ਪੰਨੂੰਆ, ਕੁਲਦੀਪ ਸਿੰਘ ਬੈਕਾਂ ਆਦਿ ਨੂੰ ਸ਼ਾਮਲ ਕੀਤਾ ਗਿਆ| ਨਛੱਤਰ ਸਿੰਘ ਪੰਨੂ ਨੂੰ ਐਡਹਾਕ ਕਨਵੀਨਰ ਅਤੇ ਸੁਖਚੈਨ ਸਿੰਘ ਸਰਹਾਲੀ ਖੁਰਦ ਨੂੰ ਕੋ-ਕਨਵੀਨਰ ਥਾਪਿਆ ਗਿਆ।