ਸੁਖਦੇਵ ਸੁੱਖ
ਅਜਨਾਲਾ, 1 ਸਤੰਬਰ
ਕਿਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਕਿਸਾਨੀ ਕਰਜ਼ੇ ਮੁਆਫ ਕਰਨ ਦੀ ਮੰਗ ਲਈ ਜ਼ਿਲ੍ਹਾ ਪ੍ਰਧਾਨ ਧੰਨਵੰਤ ਸਿੰਘ ਖਤਰਾਏ ਕਲ਼ਾਂ ਦੀ ਅਗਵਾਈ ਵਿੱਚ ਐੱਸ.ਡੀ.ਐੱਮ ਅਜਨਾਲਾ ਦੇ ਦਫਤਰ ਅੱਗੇ ਧਰਨਾ ਦਿੱਤਾ ਗਿਆ। ਇਸ ਮਗਰੋਂ ਮੁੱਖ ਮੰਤਰੀ ਦੇ ਨਾਮ ’ਤੇ ਮੰਗ ਪੱਤਰ ਦਿੱਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਧੰਨਵੰਤ ਸਿੰਘ ਖਤਰਾਏ ਕਲਾਂ ਤੇ ਰਣਜੀਤ ਮੁਹਾਰ ਨੇ ਕਿਹਾ ਕਿ ਕਾਂਗਰਸ ਦੀ ਕੈਪਟਨ ਸਰਕਾਰ ਵੇਲੇ ਮੁਆਫ਼ ਕੀਤੇ ਕਿਸਾਨੀ ਕਰਜ਼ਾ ਮੁਆਫੀ ਦਾ ਝੂਠ ਬੇਪਰਦ ਹੋ ਗਿਆ ਹੈ ਕਿਉਂਕਿ ਬੈਂਕ ਅਤੇ ਸਹਿਕਾਰੀ ਅਦਾਰੇ ਕਿਸਾਨਾਂ ਨੂੰ ਨੋਟਿਸ ਕੱਢ ਕੇ ਕਰਜ਼ਾ ਮੋੜਨ ਲਈ ਤੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ 2017 ਵਿੱਚ ਖੇਤੀ ਮੈਨੀਫੈਸਟੋ ਜਾਰੀ ਕਰਦਿਆਂ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ ਕਰਨ ਦਾ ਐਲਾਨ ਕੀਤਾ ਸੀ ਪਰ ਅੱਜ ਕਰਜ਼ਿਆਂ ਕਾਰਨ ਸਰਕਾਰੀ ਅੰਕੜਿਆਂ ਅਨੁਸਾਰ 124 ਹੋਰ ਕਿਸਾਨ ਖ਼ੁਦਕੁਸ਼ੀ ਕਰ ਚੁੱਕੇ ਹਨ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ, ਉਨ੍ਹਾਂ ਦੇ ਕਰਜ਼ਿਆਂ ’ਤੇ ਲੀਕ ਫੇਰੀ ਜਾਵੇ ਅਤੇ ਉਨ੍ਹਾਂ ਦੇ ਪਰਿਵਾਰ ਦੇ ਵਾਰਿਸਾਂ ਨੂੰ ਸਰਕਾਰੀ ਅਧਿਕਾਰੀਆਂ ਦੁਆਰਾ ਤੰਗ ਕਰਨਾ ਬੰਦ ਕੀਤਾ ਜਾਵੇ। ਅੰਤ ਵਿੱਚ ਆਗੂਆਂ ਨੇ ਐੱਸਡੀਐੱਮ ਅਜਨਾਲਾ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਗ ਪੱਤਰ ਸੌਂਪਿਆ। ਧਰਨੇ ਨੂੰ ਬਲਵਿੰਦਰ ਸਿੰਘ ਮੁਕਾਮ, ਵਿਜੇ ਧਾਰੀਵਾਲ, ਹੁਸ਼ਿਆਰ ਸਿੰਘ ਝੰਡੇਰ , ਕੁਲਦੀਪ ਸਿੰਘ ਅਤੇ ਅਜੈਬ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।