ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 17 ਜੁਲਾਈ
ਪੰਜਾਬ ਪੁਲੀਸ ਦੇ ਇਕ ਸਿਪਾਹੀ ਨੂੰ ਉਸ ਦੇ ਸਾਥੀ ਸਮੇਤ ਫੌਰਡ ਫੀਗੋ ਕਾਰ ਰਾਹੀਂ ਪਲਾਸਟਿਕ ਦੇ 9 ਕੈਨਾਂ ਵਿੱਚ 3 ਲੱਖ ਐੱਮ.ਐੱਲ ਸ਼ਰਾਬ ਨਾਜਾਇਜ਼ ਲੈ ਕੇ ਆਉਂਦੇ ਨੂੰ ਧਾਰੀਵਾਲ ਦੀ ਪੁਲੀਸ ਨੇ ਕਾਬੂ ਕੀਤਾ ਹੈ। ਕਾਬੂ ਪੁਲੀਸ ਮੁਲਾਜ਼ਮ ਦੀ ਡਿਊਟੀ ਵੀ ਜ਼ਿਲ੍ਹਾ ਗੁਰਦਾਸਪੁਰ ਅੰਦਰ ਹੀ ਦੱਸੀ ਜਾ ਰਹੀ ਹੈ।
ਥਾਣਾ ਧਾਰੀਵਾਲ ਦੀ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ ਏਐੱਸਆਈ ਰਾਜ ਕੁਮਾਰ ਸਮੇਤ ਪੁਲੀਸ ਪਾਰਟੀ ਬੀਤੀ ਰਾਤ ਗਸ਼ਤ ਕਰਦਿਆਂ ਜਦੋਂ ਪਿੰਡ ਪਸਨਾਵਾਲ ਨੇੜੇ ਪਹੁੰਚੇ ਤਾਂ ਅੱਗੋਂ ਆ ਰਹੀ ਕਾਰ (ਨੰਬਰ ਪੀ.ਬੀ.06-ਟੀ-2178) ਮਾਰਕਾ ਫੌਰਡ ਫੀਗੋ ਨੂੰ ਰੋਕ ਕੇ ਤਲਾਸ਼ੀ ਲੈਣ ’ਤੇ ਕਾਰ ਵਿੱਚੋਂ ਪਲਾਸਟਿਕ ਦੇ 9 ਕੈਨਾਂ ਵਿੱਚ ਭਰੀ ਹੋਈ ਤਿੰਨ ਲੱਖ ਐੱਮ.ਐੱਲ ਸ਼ਰਾਬ ਨਾਜਾਇਜ਼ ਬਰਾਮਦ ਹੋਈ ਹੈ। ਮੁਲਜ਼ਮਾਂ ਦੀ ਪਛਾਣ ਸਿਪਾਹੀ ਮਨਦੀਪ ਸਿੰਘ ਵਾਸੀ ਗੁਣੀਆ ਅਤੇ ਰਮਨ ਕੁਮਾਰ ਉਰਫ ਗਿਆਨੀ ਵਾਸੀ ਜੋੜਾ ਛਿੱਤਰਾਂ, ਥਾਣਾ ਸਦਰ ਗੁਰਦਾਸਪੁਰ ਵਜੋਂ ਹੋਈ। ਥਾਣਾ ਮੁਖੀ ਨੇ ਦੱਸਿਆ ਕਿ ਸਿਪਾਹੀ ਮਨਦੀਪ ਸਿੰਘ ਅਤੇ ਰਮਨ ਕੁਮਾਰ ਵਿਰੁੱਧ ਕੇਸ ਦਰਜ ਕਰਕੇ ਇਨ੍ਹਾਂ ਦੋਵਾਂ ਨੂੰ ਨਾਜਾਇਜ਼ ਸ਼ਰਾਬ ਅਤੇ ਕਾਰ ਸਣੇ ਗ੍ਰਿਫਤਾਰ ਕਰ ਲਿਆ ਹੈ।
26 ਕਿਲੋ ਡੋਡਿਆਂ ਸਮੇਤ ਦੋ ਗ੍ਰਿਫ਼ਤਾਰ
ਸ਼ਾਹਕੋਟ (ਪੱਤਰ ਪ੍ਰੇਰਕ): ਪੁਲੀਸ ਨੇ ਕਾਰ ਸਵਾਰ ਦੋ ਵਿਅਕਤੀਆਂ ਨੂੰ 26 ਕਿਲੋ ਡੋਡਿਆਂ (ਚੂਰਾ ਪੋਸਤ) ਸਮੇਤ ਗ੍ਰਿਫਤਾਰ ਕੀਤਾ ਹੈ। ਐੱਸ.ਐੱਚ.ਓ ਸ਼ਾਹਕੋਟ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਚੌਕੀ ਤਲਵੰਡੀ ਸੰਘੇੜਾ ਦੇ ਇੰਚਾਰਜ ਭੁਪਿੰਦਰ ਸਿੰਘ ਨੇ ਨਾਕਾਬੰਦੀ ਦੌਰਾਨ ਇਕ ਸ਼ੱਕੀ ਹੌਂਡਾ ਸਿਟੀ ਕਾਰ (ਨੰਬਰ ਸੀ ਐਚ-03-ਡਬਲਿਯੂ 1020) ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਸ ਵਿੱਚੋਂ 13/13 ਕਿਲੋ ਦੇ 2 ਬੋਰੇ ਡੋਡਿਆਂ ਦੇ ਬਰਾਮਦ ਹੋਏ। ਕਾਰ ਸਵਾਰਾਂ ਦੀ ਪਛਾਣ ਮਲਕੀਤ ਸਿੰਘ ਵਾਸੀ ਤਲਵੰਡੀ ਬੂਟੀਆਂ ਅਤੇ ਬਲਵੰਤ ਸਿੰਘ ਉਰਫ ਬੰਤ ਵਾਸੀ ਵਡਾਲਾ ਕਲਾਂ ਥਾਣਾ ਸਦਰ ਕਪੂਰਥਲਾ ਵਜੋਂ ਹੋਈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਕਰ ਦਿੱਤੀ ਗਈ ਹੈ।