ਡਾ. ਰਾਜਿੰਦਰ ਸਿੰਘ
ਡੇਰਾ ਬਾਬਾ ਨਾਨਕ, 19 ਅਗਸਤ
ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਰਾਵੀ ’ਚ ਬੀਤੇ ਦਿਨੀਂ ਆਏ ਹੜ੍ਹ ਕਾਰਨ ਨੁਕਸਾਨੀਆਂ ਕਮਾਦ ਤੇ ਝੋਨੇ ਦੀਆਂ ਫ਼ਸਲਾਂ ਦਾ ਅੱਜ ਜਾਇਜ਼ਾ ਲਿਆ ਗਿਆ| ਉਨ੍ਹਾਂ ਵੱਲੋਂ ਉਸ ਲਿੰਕ ਸੜਕ ਦਾ ਵੀ ਜਾਇਜ਼ਾ ਲਿਆ ਜਿਸ ਵਿੱਚ ਪਾੜ ਪੈ ਗਿਆ ਸੀ। ਇਸ ਮੌਕੇ ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਅਸ਼ਫਾਕ ਅਤੇ ਮੰਡੀ ਬੋਰਡ ਦੇ ਅਧਿਕਾਰੀ ਵੀ ਉਨ੍ਹਾਂ ਨਾਲ ਮੌਜੂਦ ਸਨ|
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਬੀਤੇ ਦਿਨੀਂ ਰਾਵੀ ਦਰਿਆ ’ਚ ਆਏ ਹੜ੍ਹ ਨਾਲ ਡੇਰਾ ਬਾਬਾ ਨਾਨਕ ’ਚ ਕਰੀਬ 880 ਏਕੜ ਅਤੇ ਰਮਦਾਸ ਦੇ ਪਿੰਡ ਘੋਨੇਵਾਲ ’ਚ 500 ਏਕੜ ਫ਼ਸਲ ਬਰਬਾਦ ਹੋਈ ਹੈ| ਉਨ੍ਹਾਂ ਕਿਹਾ ਕਿ ਇਸ ਇਲਾਕੇ ’ਚ ਜ਼ਿਆਦਾ ਫ਼ਸਲ ਕਮਾਦ ਦੀ ਹੁੰਦੀ ਹੈ, ਇਸ ਲਈ ਰਾਹਤ ਵਾਲੀ ਗੱਲ ਹੈ ਕਿ ਝੋਨੇ ਦੀ ਫ਼ਸਲ ਦਾ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈ| ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੀੜਤ ਕਿਸਾਨਾਂ ਨੂੰ ਖਰਾਬ ਫ਼ਸਲ ਦਾ ਮੁਆਵਜ਼ਾ ਦੇਵੇਗੀ। ਉਨ੍ਹਾਂ ਇਸ ਗੱਲ ’ਤੇ ਚਿੰਤਾ ਪ੍ਰਗਟਾਈ ਕਿ ਹਰ ਸਾਲ ਇਸ ਇਲਾਕੇ ’ਚ ਹੜ੍ਹ ਦੀ ਮਾਰ ਪੈਂਦੀ ਹੈ ਇਸ ਲਈ ਸਰਕਾਰ ਇਸ ਦਾ ਪੱਕਾ ਹੱਲ ਕੱਢੇਗੀ ਅਤੇ ਮੰਡੀਕਰਨ ਬੋਰਡ ਦੇ ਅਧਿਕਾਰੀਆਂ ਤੇ ਇੰਜਨੀਅਰਾਂ ਦੀ ਮਦਦ ਨਾਲ ਪਿਛਲੇ ਪਾਸੇ ਕੋਈ ਪੱਕਾ ਬੰਨ੍ਹ ਬਣਾਉਣ ਬਾਰੇ ਯੋਜਨਾ ਤਿਆਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ’ਚ ਕਿਸਾਨਾਂ ਨੂੰ ਕੋਈ ਵੀ ਮੁਸ਼ਕਿਲ ਪੇਸ਼ ਨਹੀਂ ਆਉਣ ਦੇਵੇਗੀ| ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਕੁਲਦੀਪ ਸਿੰਘ ਧਾਲੀਵਾਲ ਨੇ ਕੇਂਦਰ ਦੀ ਮੋਦੀ ਸਰਕਾਰ ’ਤੇ ਦੋਸ਼ ਲਾਇਆ ਕਿ ਮਨੀਸ਼ ਸਿਸੋਦੀਆ ਖ਼ਿਲਾਫ਼ ਸਿਆਸੀ ਬਦਲਾਖੋਰੀ ਤਹਿਤ ਸੀਬੀਆਈ ਦੇ ਛਾਪੇ ਮਰਵਾਏ ਜਾ ਰਹੇ ਹਨ| ਇਸ ਮੌਕੇ ਮੌਜੂਦ ਕੁਝ ਕਿਸਾਨਾਂ ਵੱਲੋਂ ਵੀ ਕੈਬਨਿਟ ਮੰਤਰੀ ਧਾਲੀਵਾਲ ਨੂੰ ਆਪਣੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਮੰਡੀ ਬੋਰਡ ਐਕਸੀਅਨ ਬਲਦੇਵ ਸਿੰਘ ਸਮੇਤ ਹੋਰ ਵੀ ਕਈ ਅਧਿਕਾਰੀ ਮੌਜੂਦ ਸਨ|