ਪੱਤਰ ਪ੍ਰੇਰਕ
ਧਾਰੀਵਾਲ, 18 ਜੁਲਾਈ
ਡਿੱਪੂ ਹੋਲਡਰ ਯੂਨੀਅਨ ਬਲਾਕ ਧਾਰੀਵਾਲ ਦੀ ਮੀਟਿੰਗ ਪ੍ਰਧਾਨ ਦਿਲਬਾਗ ਸਿੰਘ ਸੋਹਲ ਦੀ ਪ੍ਰਧਾਨਗੀ ਹੇਠ ਇਥੋਂ ਦੇ ਇਤਿਹਾਸਕ ਗੁਰਦੁਆਰਾ ਬੁਰਜ ਸਾਹਿਬ ਵਿਖੇ ਹੋਈ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮੋਹਨ ਲਾਲ ਭਾਗੋਕਾਂਵਾ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਵੱਲੋਂ ਘਰ-ਘਰ ਆਟਾ ਪਹੁੰਚਾਉਣ ਦੀ ਯੋਜਨਾ ਦਾ ਸਖਤ ਵਿਰੋਧ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਕਰੀਬ 18 ਹਜ਼ਾਰ ਡਿੱਪੂ ਹੋਲਡਰਾਂ ਨੂੰ ਬੇਰੁਜ਼ਗਾਰ ਕਰ ਰਹੀ ਹੈ, ਜਦਕਿ ਕਿਸੇ ਵੀ ਖਪਤਕਾਰ ਨੇ ਘਰ-ਘਰ ਆਟਾ ਲੈਣ ਦੀ ਮੰਗ ਨਹੀਂ ਕੀਤੀ। ਕੁੱਝ ਖਪਤਕਾਰਾਂ ਵੱਲੋਂ ਇਹ ਵੀ ਚਰਚਾ ਕੀਤੀ ਜਾ ਰਹੀ ਹੈ ਕਿ ਸਰਕਾਰ ਘਟੀਆ ਕਿਸਮ ਦਾ ਆਟਾ ਮੁਹੱਈਆ ਕਰਵਾਏਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਘਰ-ਘਰ ਆਟਾ ਪਹੁੰਚਾਉਣ ਦੀ ਯੋਜਨਾ ਦੇ ਵਿਰੋਧ ਵਿੱਚ ਡਿੱਪੂ ਹੋਲਡਰ ਹਾਈ ਕੋਰਟ ਵਿੱਚ ਅਪੀਲ ਦਾਇਰ ਕਰਨਗੇ। ਇਸ ਯੋਜਨਾ ਨੂੰ ਕਿਸੇ ਕੀਮਤ ਵਿੱਚ ਲਾਗੂ ਨਹੀਂ ਹੋਣ ਦੇਵਾਂਗੇ। ਬਲਾਕ ਪ੍ਰਧਾਨ ਦਿਲਬਾਗ ਸਿੰਘ ਸੋਹਲ ਨੇ ਕਿਹਾ ਕਿ ਆਪਣੇ ਹੱਕਾਂ ਦੀ ਰਾਖੀ ਲਈ ਪੰਜਾਬ ਦੇ ਸਾਰੇ ਡਿੱਪੂ ਹੋਲਡਰਾਂ ਨੂੰ ਇੱਕਜੁੱਟ ਹੋਣਾ ਚਾਹੀਦਾ ਹੈ।