ਹਰਜੀਤ ਸਿੰਘ ਪਰਮਾਰ
ਬਟਾਲਾ, 19 ਮਈ
ਇਲਾਕਾ ਵਾਸੀਆਂ ਵੱਲੋਂ ਲੰਮੇ ਸਮੇਂ ਤੋਂ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਕੀਤੀ ਜਾ ਰਹੀ ਮੰਗ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹੁਣ ਇੱਕ ਵਾਰ ਫਿਰ ਉੱਠੀ ਹੈ। ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਨੂੰ ਲੈ ਕੇ ਪਿਛਲੇ ਕਰੀਬ ਢਾਈ ਦਹਾਕਿਆਂ ਤੋਂ ਸੰਘਰਸ਼ ਕਰਦੀ ਆ ਰਹੀ ਆਜ਼ਾਦ ਪਾਰਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਕਲਸੀ ਦੀ ਅਗਵਾਈ ਵਿੱਚ ਅੱਜ ਪਾਰਟੀ ਵਰਕਰਾਂ ਅਤੇ ਹੋਰਾਂ ਨੇ ਸਥਾਨਕ ਗਾਂਧੀ ਚੌਕ ਵਿੱਚ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਅਤੇ ਉਪਰੰਤ ਮੁੱਖ ਮੰਤਰੀ ਦੇ ਨਾਮ ਇੱਕ ਮੰਗ ਪੱਤਰ ਐੱਸਡੀਐੱਮ ਬਟਾਲਾ ਨੂੰ ਸੌਂਪਿਆ। ਮੰਗ ਪੱਤਰ ਐੱਸਡੀਐੱਮ ਦਫ਼ਤਰ ਦੇ ਸੁਪਰਡੈਂਟ ਸ਼ਾਮ ਸੁੰਦਰ ਵੱਲੋਂ ਲਿਆ ਗਿਆ। ਇਸ ਮੌਕੇ ਪ੍ਰਧਾਨ ਸੁਰਿੰਦਰ ਸਿੰਘ ਕਲਸੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਬਟਾਲਾ ਵਾਸੀਆਂ ਨਾਲ ਹਮੇਸ਼ਾ ਧੋਖਾ ਕੀਤਾ ਹੈ ਪਿਛਲੀ ਕਾਂਗਰਸ ਸਰਕਾਰ ਦੇ ਦੋ ਕੈਬਨਿਟ ਮੰਤਰੀਆਂ ਨੇ ਵੀ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦਾ ਲਾਰਾ ਲਾਇਆ ਸੀ। ਉਨ੍ਹਾਂ ਮੁੱਖ ਮੰਤਰੀਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਸਤੰਬਰ 2022 ਨੂੰ ਬਟਾਲਾ ਵਿੱਚ ਮਨਾਏ ਜਾ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਤੋਂ ਪਹਿਲਾਂ ਬਟਾਲਾ ਨੂੰ ਜ਼ਿਲ੍ਹਾ ਐਲਾਨਿਆ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਬੁਢਾਪਾ ਤੇ ਵਿਧਵਾ ਪੈਨਸ਼ਨਾਂ ਦੀ ਰਾਸ਼ੀ ਘੱਟੋ-ਘੱਟ 3 ਹਜ਼ਾਰ ਰੁਪਏ ਕਰਨ, ਲੋਕਾਂ ਦੇ ਰਾਸ਼ਨ ਕਾਰਡ ਬਣਾਉਣ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕਰਨ ਆਦਿ ਦੀ ਮੰਗ ਵੀ ਕੀਤੀ ਗਈ। ਇਸ ਮੌਕੇ ਕਾਮਰੇਡ ਮਨਜੀਤ ਰਾਜ, ਕਾਮਰੇਡ ਕਪਤਾਨ ਸਿੰਘ, ਬੀਬੀ ਪ੍ਰਭਾ, ਸੋਨੀਆ, ਸਿਮਰਨਜੀਤ ਕੌਰ, ਬਲਜੀਤ ਕੌਰ, ਨਰਿੰਦਰ ਕੌਰ, ਬਲਕਾਰ ਸਿੰਘ, ਗੁਰਮੀਤ ਸਿੰਘ ਮੌਜੂਦ ਸਨ।