ਨਿੱਜੀ ਪੱਤਰ ਪ੍ਰੇਰਕ
ਗੜ੍ਹਸ਼ੰਕਰ, 16 ਸਤੰਬਰ
ਇਥੇ ਪੀਡਬਲਿਊਡੀ ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਵੱਲੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਡਵੀਜ਼ਨ ਗੜ੍ਹਸ਼ੰਕਰ ਅੱਗੇ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਐੱਚਓਡੀ (ਵਿਭਾਗ ਮੁਖੀ) ਦੀ ਅਰਥੀ ਫੂਕੀ ਗਈ। ਰੈਲੀ ਦੀ ਅਗਵਾਈ ਪ੍ਰਧਾਨ ਕੁਲਵਿੰਦਰ ਸਿੰਘ ਸਹੂੰਗੜਾ ਅਤੇ ਮਾਹਿਲਪੁਰ ਬ੍ਰਾਂਚ ਦੇ ਪ੍ਰਧਾਨ ਬਲਦੇਵ ਰਾਜ ਵਿਰਦੀ ਨੇ ਕੀਤੀ। ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ, ਜ਼ੋਨ ਪ੍ਰਧਾਨ ਅਮਰਜੀਤ ਕੁਮਾਰ, ਪਸਸਫ ਗੜ੍ਹਸ਼ੰਕਰ ਦੇ ਜਨਰਲ ਸਕੱਤਰ ਜੀਤ ਬਗਵਾਈਂ ਨੇ ਕਿਹਾ ਕਿ 12 ਸੰਤਬਰ ਨੂੰ ਹੋਈ ਲਿਖਤੀ ਮੀਟਿੰਗ ਵਿੱਚ ਐੱਚਓਡੀ ਦਾ ਵਤੀਰਾ ਮੁਲਾਜ਼ਮ ਮੰਗਾਂ ਸਬੰਧੀ ਬਹੁਤ ਮਾੜਾ ਸੀ, ਜਿਸ ਕਰਕੇ ਮੀਟਿੰਗ ਵਿੱਚੋਂ ਵਾਕਅਊਟ ਕਰਨ ਉਪਰੰਤ ਜਲ ਸਪਲਾਈ ਡਿਵੀਜ਼ਨਾ ਅੱਗੇ ਐੱਚਓਡੀ ਦੀਆਂ ਅਰਥੀਆਂ ਸਾੜਨ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੌਤ ਹੋ ਚੁੱਕੇ ਕਰਮਚਾਰੀਆਂ ਦੇ ਵਾਰਿਸਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ, ਪਿਛਲੇ ਤਿੰਨ ਮਹੀਨਿਆਂ ਤੋਂ ਠੇਕਾ ਮੁਲਾਜ਼ਮਾ ਨੂੰ ਤਨਖਾਹਾਂ ਦੇਣ ਲਈ ਬਜਟ ਜਾਰੀ ਨਹੀਂ ਕੀਤਾ ਜਾ ਰਿਹਾ, ਠੇਕੇ ਤੇ ਕੰਮ ਕਰਦੇ ਮੁਲਾਜ਼ਮਾ ਨੂੰ ਵਿਭਾਗ ’ਚ ਲੈ ਕੇ ਰੈਗੂਲਰ ਕਰਨ ਸਬੰਧੀ ਕੋਈ ਪਾਲਿਸੀ ਨਹੀਂ ਬਣਾਈ ਜਾ ਰਹੀ, ਫੀਲਡ ਚ ਕੰਮ ਕਰਦੇ ਮੁਲਾਜ਼ਮਾਂ ਦੀਆਂ ਬਦਲੀਆਂ, ਵਿਭਾਗ ਅੰਦਰ ਖ਼ਾਲੀ ਪਈਆਂ ਅਸਾਮੀਆਂ ਭਰਨ, ਪਏ ਬਕਾਇਆ ਦਾ ਭੁਗਤਾਨ ਕਰਨ ਅਤੇ ਫੀਲਡ ਕਾਮਿਆਂ ਦੀਆਂ ਪਦ ਉੱਨਤੀਆਂ ਕਰਨ ਸਮੇਤ ਹੱਕੀ ਮੰਗਾਂ ਦਾ ਕੋਈ ਵੀ ਹੱਲ ਨਹੀਂ ਕੀਤਾ ਜਾ ਰਿਹਾ।
ਮੁਹਾਲੀ ਵਿੱਚ ਲੱਗਣ ਵਾਲੇ ਸੂਬਾ ਪੱਧਰੀ ਰੋਸ ਧਰਨੇ ਵਿੱਚ ਸ਼ਮੂਲੀਅਤ ਦਾ ਐਲਾਨ
ਤਰਨ ਤਾਰਨ (ਪੱਤਰ ਪ੍ਰੇਰਕ): ਇਥੇ ਪੀਡਬਲਿਊ ਡੀ ਫ਼ੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦੀ ਤਰਨ ਤਾਰਨ ਜ਼ਿਲ੍ਹਾ ਇਕਾਈ ਵੱਲੋਂ ਅੱਜ ਇਥੋਂ ਦੇ ਗਾਂਧੀ ਮਿਉਂਸਿਪਲ ਪਾਰਕ ਵਿੱਚ ਮੀਟਿੰਗ ਕੀਤੀ ਗਈ। ਇਸ ਵਿੱਚ ਵਿਭਾਗ ਦੇ ਮੁਖੀ ਵੱਲੋਂ ਉਨ੍ਹਾਂ ਦੀਆਂ ਮੰਗਾਂ ਨਾ ਮੰਨੇ ਜਾਣ ਦੀ ਨਿਖੇਧੀ ਕੀਤੀ ਅਤੇ ਇਸ ਸਬੰਧੀ ਜਥੇਬੰਦੀ ਦੀ ਸੂਬਾ ਕਮੇਟੀ ਵਲੋਂ 29 ਸਤੰਬਰ ਨੂੰ ਮੁਹਾਲੀ ਵਿੱਚ ਕੀਤੇ ਜਾਣ ਵਾਲੀ ਸੂਬਾ ਪੱਧਰੀ ਰੋਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੇ ਜਾਣ ਦਾ ਐਲਾਨ ਕੀਤਾ। ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਦੋਬਲੀਆਂ ਦੀ ਅਗਵਾਈ ਵਿੱਚ ਕੀਤੀ ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਸਤਨਾਮ ਸਿੰਘ ਅਮਰਕੋਟ, ਸੁਖਮਿੰਦਰਜੀਤ ਸਿੰਘ, ਸਰਵਣ ਸਿੰਘ ਘਰਿਆਲਾ ਸਮੇਤ ਹੋਰਨਾਂ ਨੇ ਸੰਬੋਧਨ ਕੀਤਾ| ਬੁਲਾਰਿਆਂ ਜਥੇਬੰਦੀ ਨਾਲ ਐੱਚਓਡੀ ਦੀ ਹੋਈ ਮੀਟਿੰਗ ਦੇ ਬੇਸਿੱਟਾ ਰਹਿਣ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ|