ਲਖਨਪਾਲ ਸਿੰਘ
ਮਜੀਠਾ, 9 ਸਤੰਬਰ
ਮਜੀਠਾ ਬਿਜਲੀ ਘਰ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਿਸਾਨਾਂ ਨੇ ਬਿਜਲੀ ਬੋਰਡ ਨਾਲ ਸਬੰਧਤ ਮਸਲਿਆਂ ਸਬੰਧੀ ਰੋਸ ਮੁਜ਼ਾਹਰਾ ਕੀਤਾ। ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਬਿਜਲੀ ਦਫਤਰ ਮਜੀਠਾ ਨਾਲ ਸਬੰਧਤ ਪਿੰਡਾਂ ਦੇ ਲਟਕ ਰਹੇ ਮਸਲੇ ਕਈ ਵਾਰ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦੇ ਗਏ ਪਰ ਕਿਸੇ ਵੀ ਮਸਲੇ ਦਾ ਕੋਈ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਬਿਜਲੀ ਦੀਆਂ ਤਾਰਾਂ ਢਿੱਲੀਆਂ ਪਈਆਂ ਹਨ, ਜਿਨ੍ਹਾਂ ਨਾਲ ਕੋਈ ਵੀ ਜਾਨੀ ਜਾਂ ਮਾਲੀ ਨੁਕਸਾਨ ਹੋ ਸਕਦਾ ਹੈ। ਕਈਆਂ ਪਿੰਡਾਂ ਵਿੱਚ ਟ੍ਰਾਂਸਫ਼ਾਰਮਰ ਓਵਰਲੋਡ ਹਨ। ਆਗੂਆਂ ਕਿਹਾ ਕਿ ਇਹ ਮਸਲੇ ਹੱਲ ਨਾ ਹੋਣ ਕਾਰਨ ਜਥੇਬੰਦੀ ਨੂੰ ਸੰਘਰਸ਼ ਦੇ ਮੈਦਾਨ ਵਿੱਚ ਉਤਰਨਾ ਪਿਆ ਹੈ।
ਇਸ ਦੌਰਾਨ ਐੱਸਡੀਓ ਮਜੀਠਾ ਨੇ ਕਿਸਾਨਾਂ ਨੂੰ ਲੰਬਿਤ ਮਸਲਿਆਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਜਿਸ ਮਗਰੋਂ ਕਿਸਾਨਾਂ ਨੇ ਧਰਨਾ ਚੁੱਕ ਲਿਆ। ਇਸ ਮੌਕੇ ਕਿਸਾਨ ਆਗੂ ਪਲਵਿੰਦਰ ਸਿੰਘ ਮਾਹਲ, ਬਲਾਕ ਪ੍ਰਧਾਨ ਕਰਮਜੀਤ ਸਿੰਘ ਨੰਗਲੀ, ਡਾ. ਪਰਮਿੰਦਰ ਸਿੰਘ, ਕੁਲਬੀਰ ਸਿੰਘ ਜੇਠੂਵਾਲ, ਜਗਜੀਵਨ ਸਿੰਘ ਤਰਸਿੱਕਾ, ਹਰਜਿੰਦਰ ਸਿੰਘ, ਕਾਬਿਲ ਸਿੰਘ ਬੱਲ, ਪੰਮਾ ਦਬੁਰਜੀ, ਲਖਵਿੰਦਰ ਸਿੰਘ ਮੂਧਲ, ਹਰਪਾਲ ਸਿੰਘ ਕੰਦੋਵਾਲੀ, ਸੁਖਜਿੰਦਰ ਸਿੰਘ ਨੰਗਲੀ, ਨਿਸ਼ਾਨ ਸਿੰਘ ਅਤੇ ਸਾਹਿਬ ਸਿੰਘ ਮਾਛੀਨੰਗਲ ਆਦਿ ਕਿਸਾਨ ਹਾਜ਼ਰ ਸਨ।