ਪੱਤਰ ਪ੍ਰੇਰਕ
ਤਰਨ ਤਾਰਨ, 18 ਨਵੰਬਰ
ਇਥੋਂ ਦੇ ‘ਖਾਲਸਾ ਸਟੋਰਜ਼’ ਦੇ ਮਾਲਕ ਭਗਵਾਨ ਸਿੰਘ ਨੇ ਸਟੋਰ ਨੂੰ ਕਥਿਤ ਤੌਰ ’ਤੇ ਬਿਜਲੀ ਦੀਆਂ ਤਾਰਾਂ ਦੇ ਸਪਾਰਕ ਕਰਨ ਨਾਲ ਅੱਗ ਲੱਗਣ ਦੀ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ| ਸਟੋਰ ਦੇ ਮਾਲਕ ਭਗਵਾਨ ਸਿੰਘ ਨੇ ਇਸ ਸਬੰਧੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅੱਜ ਇੱਕ ਪੱਤਰ ਲਿਖਿਆ ਹੈ| ਇਸ ਘਟਨਾ ਨਾਲ ਉਨ੍ਹਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ| ਉਨ੍ਹਾਂ ਪੱਤਰ ਵਿੱਚ ਸਟੋਰ ਦੇ ਸਮਾਨ ਅਤੇ ਇਮਾਰਤ ਆਦਿ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਦੀ ਮੁੱਖ ਮੰਤਰੀ ਪੰਜਾਬ ਕੋਲੋਂ ਮੰਗ ਕੀਤੀ ਹੈ| ਭਗਵਾਨ ਸਿੰਘ ਨੇ ਕਿਹਾ ਕਿ ਪਾਵਰਕੌਮ ਵਲੋਂ ਜੇ ਉਨ੍ਹਾਂ ਦੇ ਮੀਟਰ ਦੀਆਂ ਸਪਾਰਕ ਕਰਦੀਆਂ ਤਾਰਾਂ ਦਾ ਨੁਕਸ ਸਮੇਂ ਸਿਰ ਦੂਰ ਕੀਤਾ ਹੁੰਦਾ ਤਾਂ ਇਹ ਹਾਦਸਾ ਟਾਲਿਆ ਜਾ ਸਕਦਾ ਸੀ| ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ 14 ਨਵੰਬਰ ਨੂੰ ਪਾਵਰਕੌਮ ਦੇ ਅਧਿਕਾਰਤ ਨੰਬਰ 96461-21163 ’ਤੇ ਸ਼ਕਾਇਤ ਦਰਜ ਕਰਵਾਈ ਸੀ ਜਿਸ ਦਾ ਅਧਿਕਾਰੀਆਂ ਨੇ ਨਿਪਟਾਰਾ ਨਹੀਂ ਕੀਤਾ ਅਤੇ ਇਸੇ ਕਰਕੇ ਉਨ੍ਹਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ| ਉਨ੍ਹਾਂ ਮੁੱਖ ਮੰਤਰੀ ਨੂੰ ਤਰਨ ਤਾਰਨ ਦੇ ਫਾਇਰ ਬ੍ਰਿਗੇਡ ਨਾਲ ਸਬੰਧਿਤ ਖਾਮੀਆਂ ਦੀ ਵੀ ਜਾਣਕਾਰੀ ਦਿੱਤੀ ਹੈ|