ਸੁਰਿੰਦਰ ਸਿੰਘ ਗੁਰਾਇਆ
ਟਾਂਡਾ, 5 ਫਰਵਰੀ
ਸਕੂਲਾਂ ਨੂੰ ਖੁੱਲ੍ਹਵਾਉਣ ਲਈ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਪੰਜਾਬ ਵੱਲੋਂ ਦਿੱਤੇ ਸੱਦੇ ’ਤੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਅਰੋੜਾ ਦੀ ਸਰਪ੍ਰਸਤੀ ਹੇਠ ਅੱਜ ਇੱਥੇ ਸਰਕਾਰੀ ਹਸਪਤਾਲ ਚੌਕ ਵਿੱਚ ਪਹੁੰਚੇ ਅਧਿਆਪਕਾਂ, ਮਾਪਿਆਂ, ਵਿਦਿਆਰਥੀਆਂ, ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਹਸਪਤਾਲ ਚੌਕ ਟਾਂਡਾ ਵਿਚ ਭ੍ਰਿਸ਼ਟ ਰਾਜਨੀਤਕ ਨੇਤਾਵਾਂ ਅਤੇ ਸਰਕਾਰੀਤੰਤਰ ਦਾ ਪੁਤਲਾ ਫੂਕਿਆ ਗਿਆ।
ਪ੍ਰਿੰਸੀਪਲਾਂ ਦਾ ਕਹਿਣਾ ਹੈ ਕਿ ਲੰਬਾ ਸਮਾਂ ਸਕੂਲ ਬੰਦ ਰਹਿਣ ਕਾਰਨ ਵਿਦਿਆਰਥੀਆਂ ਦਾ ਮਾਨਸਿਕ ਪੱਧਰ ਹੇਠਾਂ ਆ ਚੁੱਕਾ ਹੈ। ਇਸ ਦੇ ਬਾਵਜੂਦ ਵੀ ਰਾਜਨੀਤਕ ਆਗੂ ਸਕੂਲ ਖੁੱਲ੍ਹਵਾਉਣ ਦੀ ਬਜਾਏ ਘਰ-ਘਰ ਵੋਟਾਂ ਮੰਗਣ ਵਿੱਚ ਰੁੱਝੇ ਹੋਏ ਹਨ। ਕਿਸਾਨ ਆਗੂ ਪਰਮਜੀਤ ਸਿੰਘ ਬਾਠ ਨੇ ਕਿਹਾ ਕਿ ਜੇਕਰ 8 ਫਰਵਰੀ ਤੱਕ ਸਕੂਲ ਨਾ ਖੁੱਲ੍ਹੇ ਤਾਂ 9 ਫਰਵਰੀ ਨੂੰ ਬਿਜਲੀ ਘਰ ਚੌਕ ਟਾਂਡਾ ਵਿੱਚ ਦੋ ਘੰਟੇ ਲਈ ਚੱਕਾ ਜਾਮ ਕਰਨਗੇ। ਇਸ ਤੋਂ ਇਲਾਵਾ ਅੱਜ ਨੇੜਲੇ ਚੌਲਾਂਗ ਟੌਲ ਪਲਾਜ਼ਾ ’ਤੇ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ।
ਸ਼ਾਹਕੋਟ (ਗੁਰਮੀਤ ਖੋਸਲਾ): ਸਕੂਲਾਂ ਨੂੰ ਖੁੱਲ੍ਹਵਾਉਣ ਲਈ ਇਲਾਕੇ ਦੇ ਕਈ ਨਿੱਜੀ ਸਕੂਲਾਂ ਨੇ ਮਲਸੀਆਂ ਵਿੱਚ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਵਿਚ ਏਕਮ ਪਬਲਿਕ ਸਕੂਲ ਮਹਿਤਪੁਰ, ਮਦਰਜ਼ ਪ੍ਰਾਈਡ ਇੰਟਰਨੈਸ਼ਨਲ ਸਕੂਲ ਮਲਸੀਆਂ, ਬਾਲ ਭਾਰਤੀ ਸਕੂਲ ਨਕੋਦਰ, ਅਪੈਕਸ ਸਕੂਲ ਨਕੋਦਰ, ਸੰਤ ਈਸ਼ਰ ਸਿੰਘ ਯਾਦਗਾਰੀ ਸਕੂਲ ਨੂਰਮਹਿਲ ਅਤੇ ਟੈਗੋਰ ਪਬਲਿਕ ਸਕੂਲ ਨਕੋਦਰ ਦੇ ਅਧਿਆਪਕਾਂ, ਪ੍ਰਬੰਧਕਾਂ ਤੇ ਬੱਚਿਆਂ ਨੇ ਭਾਗ ਲਿਆ।
ਜੈਂਤੀਪੁਰ (ਪੱਤਰ ਪ੍ਰੇਰਕ): ਗੁੱਡਵਿਲ ਇੰਟਰਨੈਸ਼ਨਲ ਸਕੂਲ ਢਡਿਆਲਾ ਨੱਤ ਦੇ ਸਟਾਫ ਅਤੇ ਬੱਚਿਆਂ ਦੇ ਮਾਪਿਆਂ ਨੇ ਸਕੂਲ ਬੰਦ ਰੱਖਣ ਵਿਰੁੱਧ ਰੋਸ ਮਾਰਚ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਸਕੂਲ ਨਾ ਖੋਲ੍ਹੇ ਤਾਂ ਉਹ ‘ਸਕੂਲ ਨਹੀਂ ਤੇ ਵੋਟ ਨਹੀਂ’ ਦੀ ਨੀਤੀ ’ਤੇ ਚੱਲਦਿਆਂ ਵੋਟਾਂ ਦਾ ਬਾਈਕਾਟ ਕਰਨਗੇ।
ਭਲਕੇ ਚੱਕਾ ਜਾਮ ਦਾ ਸੱਦਾ
ਤਰਨ ਤਾਰਨ (ਪੱਤਰ ਪ੍ਰੇਰਕ) : ਸੰਯੁਕਤ ਕਿਸਾਨ ਮੋਰਚੇ ਨੇ ਸਕੂਲਾਂ ਨੂੰ ਬੰਦ ਰੱਖਣ ਖਿਲਾਫ਼ 7 ਫਰਵਰੀ ਨੂੰ ਦੋ ਘੰਟੇ ਲਈ ‘ਚੱਕਾ ਜਾਮ’ ਕਰਨ ਦਾ ਐਲਾਣ ਕੀਤਾ ਹੈ| ਇਸ ਸਬੰਧ ਵਿੱਚ ਮੋਰਚੇ ਦੇ ਕਨਵੀਨਰ ਮੁਖਤਾਰ ਸਿੰਘ ਮੱਲ੍ਹਾ ਅਤੇ ਕੋ-ਕਨਵੀਨਰ ਅੰਮ੍ਰਿਤਪਾਲ ਸਿੰਘ ਜੌੜਾ ਦੀ ਅਗਵਾਈ ਵਿੱਚ ਮੀਟਿੰਗ ਹੋਈ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਨੇ ਸਕੂਲ ਬੰਦ ਕਰ ਕੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਕੀਤਾ ਹੈ। ਜਥੇਬੰਦੀਆਂ ਦੇ ਵਰਕਰ 7 ਫਰਵਰੀ ਨੂੰ ਇਥੋਂ ਦੇ ਮਾਝਾ ਕਾਲਜ ਫਾਰ ਵਿਮੈਨ ਵਾਲੀ ਸੜਕ ’ਤੇ 12 ਵਜੇ ਤੋਂ 2 ਵਜੇ ਤੱਕ ਧਰਨਾ ਦੇਣਗੇ।