ਤਰਨ ਤਾਰਨ: ਇਲਾਕੇ ਦੇ ਪਿੰਡਾਂ-ਕਸਬਿਆਂ ਅੰਦਰ ਦਰਮਿਆਨੇ ਦਰਜੇ ਦੇ ਸਕੂਲਾਂ ਦੇ ਬੱਚਿਆਂ ਦੀ ਢੋਆ-ਢੁਆਈ ਦਾ ਕੰਮ ਕਰਦੇ ਵਾਹਨ ਅਪਰੇਟਰਾਂ ਵਲੋਂ ਆਪਣੀਆਂ ਮੰਗਾਂ ਸਬੰਧੀ ਅੱਜ ਇਥੇ ਇਕ ਮੀਟਿੰਗ ਕਰਕੇ ਸਰਕਾਰ ਤੋਂ ਵਾਹਨਾਂ ਦੇ ਟੈਕਸ ਆਦਿ ਮੁਆਫ ਕੀਤੇ ਜਾਣ ਦੀ ਮੰਗ ਕੀਤੀ| ਪੰਜਾਬ ਸਕੂਲ ਬੱਸ ਅਪਰੇਟਰ ਯੂਨੀਅਨ ਦੇ ਝੰਡੇ ਹੇਠ ਕੀਤੀ ਮੀਟਿੰਗ ਨੂੰ ਹੋਰਾਂ ਤੋਂ ਇਲਾਵਾ ਇਕਬਾਲ ਸਿੰਘ, ਤਰਸੇਮ ਸਿੰਘ, ਸਰਵਨ ਸਿੰਘ, ਅਵਤਾਰ ਸਿੰਘ ਨੇ ਸੰਬੋਧਨ ਕੀਤਾ| ਬੁਲਾਰਿਆਂ ਨੇ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਕਿ ਬੀਤੇ ਦੋ ਸਾਲ ਦੇ ਕੋਵਿਡ ਕਾਲ ਦੌਰਾਨ ਉਨ੍ਹਾਂ ਦੇ ਕੰਮ ਧੰਦੇ ਪੂਰੀ ਤਰ੍ਹਾਂ ਠੱਪ ਰਹਿਣ ਕਰਕੇ, ਜਿਥੇ ਉਨ੍ਹਾਂ ਦੀ ਆਮਦਨ ਬੰਦ ਹੋ ਕੇ ਰਹਿ ਗਈ, ਉਥੇ ਉਨ੍ਹਾਂ ਦੇ ਵਾਹਨ ਵੀ ਇਕ ਤਰ੍ਹਾਂ ਨਾਲ ਨਕਾਰਾ ਬਣ ਗਏ ਹਨ| ਜਥੇਬੰਦੀ ਨੇ ਇਸ ਸਬੰਧੀ ਸੂਬੇ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਮਿਲ ਕੇ ਆਪਣੀਆਂ ਮੰਗਾਂ ਤੋਂ ਜਾਣੂ ਕਰਵਾਉਣ ਦਾ ਫ਼ੈਸਲਾ ਕੀਤਾ ਹੈ| -ਪੱਤਰ ਪ੍ਰੇਰਕ