ਪੱਤਰ ਪ੍ਰੇਰਕ
ਪਠਾਨਕੋਟ, 5 ਮਾਰਚ
ਰੇਲਵੇ ਦੇ ਜਨਰਲ ਮੈਨੇਜਰ ਆਸ਼ੂਤੋਸ਼ ਗੰਗਲ ਅਤੇ ਡੀਆਰਐੱਮ ਡਾ. ਸੀਮਾ ਸ਼ਰਮਾ ਨੇ ਅੱਜ ਦੁਪਹਿਰ ਬਾਅਦ ਸੁਜਾਨਪੁਰ ਰੇਲਵੇ ਸਟੇਸ਼ਨ ਦਾ ਦੌਰਾ ਕਰਕੇ ਉਪ ਕੇਂਦਰ ਅਤੇ ਸਮਾਰਟ ਟਰੈਕ ਮਸ਼ੀਨਰੀ ਦੀ ਲਗਾਈ ਗਈ ਪ੍ਰਦਰਸ਼ਨੀ ਦਾ ਨਿਰੀਖਣ ਕੀਤਾ। ਇਸ ਦੌਰਾਨ ਜਨਰਲ ਮੈਨੇਜਰ ਨੂੰ ਸੁਜਾਨਪੁਰ ਦੀਆਂ ਵੱਖ-ਵੱਖ ਸਮਾਜਿਕ ਸੰਸਥਾਵਾਂ ਅਤੇ ਨਗਰ ਕੌਂਸਲਰਾਂ ਨੇ ਮੰਗ ਪੱਤਰ ਸੌਂਪਿਆ। ਸੰਸਥਾਵਾਂ ਦੇ ਆਗੂਆਂ ਨੇ ਜਨਰਲ ਮੈਨੇਜਰ ਨੂੰ ਦੱਸਿਆ ਕਿ ਕਰੋਨਾ ਕਾਲ ਤੋਂ ਪਹਿਲਾਂ ਸੁਜਾਨਪੁਰ ਰੇਲਵੇ ਸਟੇਸ਼ਨ ’ਤੇ ਜੰਮੂ ਮੇਲ, ਸਿਆਲਦਾਹ ਐਕਸਪ੍ਰੈੱਸ ਅਤੇ ਅਹਿਮਦਾਬਾਦ ਐਕਸਪ੍ਰੈੱਸ ਦਾ ਠਹਿਰਾਅ ਹੁੰਦਾ ਸੀ। ਕਰੋਨਾ ਕਾਲ ਸ਼ੁਰੂ ਹੁੰਦੇ ਸਾਰ ਹੀ ਇਥੇ ਇਨ੍ਹਾਂ ਤਿੰਨਾਂ ਰੇਲ ਗੱਡੀਆਂ ਦਾ ਠਹਿਰਾਅ ਬੰਦ ਕਰ ਦਿੱਤਾ ਗਿਆ। ਆਗੂਆਂ ਦਾ ਕਹਿਣਾ ਸੀ ਕਿ ਸੁਜਾਨਪੁਰ ਅਤੇ ਇਸ ਦੇ ਆਸਪਾਸ ਦੇ 60 ਪਿੰਡਾਂ ਦੇ ਲੋਕਾਂ ਨੂੰ ਰੇਲ ਗੱਡੀ ਲੈਣ ਲਈ ਇਹ ਸਭ ਤੋਂ ਨਜ਼ਦੀਕੀ ਰੇਲਵੇ ਸਟੇਸ਼ਨ ਪੈਂਦਾ ਹੈ।
ਰੇਲ ਗੱਡੀਆਂ ਦੇ ਠਹਿਰਾਅ ਬੰਦ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਗੱਡੀਆਂ ਦਾ ਸੁਜਾਨਪੁਰ ਰੇਲਵੇ ਸਟੇਸ਼ਨ ’ਤੇ ਠਹਿਰਾਅ ਮੁੜ ਯਕੀਨੀ ਬਣਾਇਆ ਜਾਵੇ।