ਪੱਤਰ ਪ੍ਰੇਰਕ
ਦੀਨਾਨਗਰ, 9 ਜੁਲਾਈ
ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦਾ ਇਜਲਾਸ ਜ਼ਿਲ੍ਹਾ ਪ੍ਰਧਾਨ ਹੰਸਾ ਸਿੰਘ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਨਾਲ ਆਰੰਭ ਹੋਇਆ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਜਨਕ ਰਾਜ, ਹੰਸਾ ਸਿੰਘ, ਜੋਗਿੰਦਰ ਸਿੰਘ, ਜਸਬੀਰ ਸਿੰਘ ਝਬਾਲ, ਹਰਭਜਨ ਸਿੰਘ ਅਤੇ ਲਖਵਿੰਦਰ ਸਿੰਘ ਮਰੜ ਸ਼ਾਮਲ ਹੋਏ। ਜ਼ਿਲ੍ਹਾ ਜਨਰਲ ਸਕੱਤਰ ਮੁਰਾਰੀ ਲਾਲ ਸ਼ਰਮਾ ਨੇ ਸ਼ੋਕ ਮਤਾ ਪੇਸ਼ ਕਰਦਿਆਂ ਵਿਛੜੇ ਸਾਥੀ ਲਛਮਣ ਦਾਸ ਪੱਟੀ ਅਤੇ ਸਾਥੀ ਕਰਨ ਸਿੰਘ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ। ਇਜਲਾਸ ਦਾ ਉਦਘਾਟਨ ਸੂਬਾਈ ਆਗੂ ਜਸਬੀਰ ਸਿੰਘ ਝਬਾਲ ਨੇ ਕੀਤਾ। ਜ਼ਿਲ੍ਹਾ ਜਨਰਲ ਸਕੱਤਰ ਨੇ ਜਥੇਬੰਦਕ ਰਿਪੋਰਟ ਪੇਸ਼ ਕੀਤੀ। ਸੂਬਾਈ ਆਗੂ ਜਸਬੀਰ ਸਿੰਘ ਝਬਾਲ ਨੇ ਜਥੇਬੰਦੀ ਦੀ ਅਗਲੀ 13 ਮੈਂਬਰੀ ਕਮੇਟੀ ਦਾ ਪੈਨਲ ਪੇਸ਼ ਕੀਤਾ ਜੋ ਸਰਬਸੰਮਤੀ ਨਾਲ ਪਾਸ ਹੋਇਆ। ਪੈਨਲ ਵਿੱਚ ਹੰਸਾ ਸਿੰਘ ਨੂੰ ਪ੍ਰਧਾਨ, ਧੀਰ ਸਿੰਘ ਨੂੰ ਮੀਤ ਪ੍ਰਧਾਨ, ਮੁਰਾਰੀ ਲਾਲ ਸ਼ਰਮਾ ਜਨਰਲ ਸਕੱਤਰ, ਜਨਕ ਰਾਜ ਜਾਇੰਟ ਸਕੱਤਰ ਅਤੇ ਨਵਤੇਜ ਸਿੰਘ ਨੂੰ ਵਿੱਤ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ।