ਪੱਤਰ ਪ੍ਰੇਰਕ
ਤਰਨ ਤਾਰਨ, 14 ਅਪਰੈਲ
ਵਿਸਾਖੀ ਦਾ ਪਵਿੱਤਰ ਦਿਹਾੜਾ ਅੱਜ ਇਥੋਂ ਦੇ ਦਰਬਾਰ ਸਾਹਿਬ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ|
ਦੂਰ-ਦੁਰਾਡੇ ਤੋਂ ਸੰਗਤਾਂ ਨੇ ਦਰਬਾਰ ਸਾਹਿਬ ਆ ਕੇ ਦਰਸ਼ਨ-ਇਸ਼ਨਾਨ ਕੀਤੇ ਅਤੇ ਇਕਾਗਰ ਚਿੱਤ ਹੋ ਕੇ ਕੀਰਤਨ ਦਾ ਆਨੰਦ ਮਾਣਿਆ| ਦਰਬਾਰ ਸਾਹਿਬ ਦੇ ਮੈਨੇਜਰ ਭਾਈ ਧਰਵਿੰਦਰ ਸਿੰਘ ਮਾਣੋਚਹਾਲ ਨੇ ਦੱਸਿਆ ਕਿ ਹਜ਼ੂਰੀ ਰਾਗੀ ਜਥਿਆਂ ਵੱਲੋ ਸਾਰਾ ਦਿਨ ਗੁਰਬਾਣੀ ਦੇ ਰਸਭਿੰਨੇ ਸਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ|
ਇਸ ਮੌਕੇ ਸਵੇਰ ਵੇਲੇ ਸੁਨਹਿਰੀ ਪਾਲਕੀ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਸੁਸ਼ੋਭਿਤ ਕਰਕੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਪਰਿਕਰਮਾ ਵਿੱਚ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੀ ਸਮਾਪਤੀ ਉਪਰੰਤ ਆਖੰਡ ਪਾਠ ਦੇ ਭੋਗ ਪਾਏ ਗਏ।
ਭਾਈ ਰਣਜੀਤ ਸਿੰਘ ਚੰਡੀਗੜ੍ਹ ਦੇ ਰਾਗੀ ਜਥੇ ਵੱਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕੀਤਾ ਗਿਆ ਅਤੇ ਭਾਈ ਸਤਪਾਲ ਸਿੰਘ ਹੈੱਡ ਗ੍ਰੰਥੀ ਵੱਲੋਂ ਖਾਲਸਾ ਸਾਜਨਾ ਦਿਵਸ ਦੀ ਮਹੱਤਤਾ ਸਬੰਧੀ ਸੰਗਤਾਂ ਨੂੰ ਕਥਾ ਕਰਕੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਲੰਗਰਾਂ ਦੇ ਪ੍ਰਵਾਹ ਅਤੁੱਟ ਚਲਦੇ ਰਹੇ|