ਪੱਤਰ ਪ੍ਰੇਰਕ
ਪਠਾਨਕੋਟ, 12 ਫਰਵਰੀ
ਗੁਰੂ ਰਵੀਦਾਸ ਦੇ ਪ੍ਰਕਾਸ਼ ਉਤਸਵ ਸਬੰਧੀ ਰਵੀਦਾਸ ਸਭਾ ਵੱਲੋਂ ਸ਼ਹਿਰ ਅੰਦਰ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਕੱਢਿਆ ਗਿਆ ਜਿਸ ਵਿੱਚ ਜ਼ਿਲ੍ਹਾ ਪਠਾਨਕੋਟ ਅਤੇ ਨਾਲ ਲੱਗਦੇ ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਪਿੰਡਾਂ ਵਿੱਚੋਂ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਨੇ ਹਿੱਸਾ ਲਿਆ। ਇਸ ਨੂੰ ਰਵੀਦਾਸ ਚੌਕ ਵਿੱਚ ਸੁਆਮੀ ਗੁਰਦੀਪ ਗਿਰੀ ਮਹਾਰਾਜ, ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਿਤ ਸਿੰਘ ਮੰਟੂ, ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਸਿਟਿੰਗ ਵਿਧਾਇਕ ਅਮਿਤ ਵਿਜ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਝੰਡੀ ਦਿਖਾਉਣ ਤੋਂ ਪਹਿਲਾਂ ਅਮਿਤ ਸਿੰਘ ਮੰਟੂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਊਚ-ਨੀਚ ਦਾ ਭੇਦ-ਭਾਵ ਛੱਡ ਕੇ ਮਿਲ-ਜੁਲ ਕੇ ਰਹਿਣਾ ਚਾਹੀਦਾ ਹੈ ਅਤੇ ਗੁਰੂ ਰਵੀਦਾਸ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਨਾਉਣਾ ਚਾਹੀਦਾ ਹੈ। ਨਗਰ ਕੀਰਤਨ ਪ੍ਰਦੂਸ਼ਣ ਰਹਿਤ ਤੇ ਗੰਦਗੀ ਰਹਿਤ ਕੱਢਿਆ ਗਿਆ। ਸੁਆਮੀ ਗੁਰਦੀਪ ਗਿਰੀ ਦੇ ਨਿਰਦੇਸ਼ਾਂ ਅਨੁਸਾਰ ਰਸਤੇ ਵਿੱਚ ਸਾਰੀਆਂ ਸੰਗਤਾਂ ਪੈਦਲ ਹੀ ਸ਼ਾਮਲ ਹੋਈਆਂ। ਇਹ ਨਗਰ ਕੀਰਤਨ ਵੱਖ-ਵੱਖ ਬਾਜ਼ਾਰਾਂ ਵਿੱਚੋਂ ਦੀ ਹੋ ਕੇ ਐਸਡੀ ਸਕੂਲ ਦੀ ਗਰਾਊਂਡ ਵਿੱਚ ਪੁੱਜਿਆ।