ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 15 ਮਈ
ਗੁਰੂ ਅਮਰਦਾਸ ਜੀ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਬਾਉਲੀ ਸਾਹਿਬ ਵਿੱਚ ਗੁਰੂ ਅਮਰਦਾਸ ਦਾ 543ਵਾਂ ਪ੍ਰਕਾਸ਼ ਪੁਰਬ ਸੰਗਤ ਵੱਲੋਂ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸੰਗਤ ਨੇ ਅੰਮ੍ਰਿਤ ਵੇਲੇ ਪਵਿੱਤਰ ਬਾਉਲੀ ਵਿੱਚ ਇਸ਼ਨਾਨ ਕਰ ਕੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਵਿਚ ਹਾਜ਼ਰੀ ਭਰੀ। ਗੁਰਦੁਆਰਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਵੀ ਸਜਾਇਆ ਗਿਆ, ਜਿਸ ਦਾ ਵੱਖ-ਵੱਖ ਥਾਵਾਂ ’ਤੇ ਸੰਗਤ ਨੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਮੈਨੇਜਰ ਗੁਰਪ੍ਰੀਤ ਸਿੰਘ ਰੋਡੇ, ਕੁਲਦੀਪ ਸਿੰਘ ਔਲਖ, ਜਥੇਦਾਰ ਪ੍ਰੇਮ ਸਿੰਘ ਤੇ ਕੁਲਦੀਪ ਸਿੰਘ ਲਹੌਰੀਆ ਨੇ ਸਮਾਗਮਾਂ ਵਿੱਚ ਹਾਜ਼ਰੀ ਭਰਨ ਆਈ ਸੰਗਤ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ।
ਮੈਨੇਜਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਸਬੰਧੀ ਸੰਗਤ ਵਿੱਚ ਭਾਰੀ ਉਤਸ਼ਾਹ ਹੈ, ਜਿਸ ਦੇ ਮੱਦੇਨਜ਼ਰ ਅੱਜ ਸਮੁੱਚੇ ਗੁਰਦੁਆਰਾ ਕੰਪਲੈਕਸ ਵਿੱਚ ਸਜਾਵਟ ਦੇ ਨਾਲ-ਨਾਲ ਦੀਪਮਾਲਾ ਵੀ ਕੀਤੀ ਗਈ।
ਆਟਾਰੀ (ਦਿਲਬਾਗ ਸਿੰਘ ਅਟਾਰੀ): ਗੁਰਦੁਆਰਾ ਜਨਮ ਅਸਥਾਨ ਬਾਸਰਕੇ ਗਿੱਲਾਂ ਵਿੱਚ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਉਤਸ਼ਾਹ ਨਾਲ ਮਨਾਇਆ ਗਿਆ। ਅਖੰਡ ਪਾਠ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ, ਜਿਸ ਵਿੱਚ ਬਲਬੀਰ ਸਿੰਘ ਪਾਰਸ ਅਤੇ ਹੋਰ ਪੰਥ ਪ੍ਰਸਿੱਧ ਢਾਡੀ ਜਥਿਆਂ ਨੇ ਇਤਿਹਾਸ ਅਤੇ ਵਾਰਾਂ ਸੁਣਾ ਕੇ ਸੰਗਤ ਨੂੰ ਨਿਆਲ ਕੀਤਾ। ਇਸ ਮੌਕੇ ਦੀਵਾਨ ਦੀ ਹਾਜ਼ਰੀ ਭਰਨ ਵਾਲਿਆਂ ਵਿੱਚ ਬਾਬਾ ਸੰਤੋਖ ਸਿੰਘ ਬੀੜ ਸਾਹਿਬ ਵਾਲੇ, ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲੇ, ਬਾਬਾ ਭੋਲਾ ਸਿੰਘ, ਇੰਦਰਜੀਤ ਸਿੰਘ ਬਾਸਰਕੇ ਚੇਅਰਮੈਨ, ਕਹਾਣੀਕਾਰ ਮਨਮੋਹਨ ਸਿੰਘ ਬਾਸਰਕੇ, ਜਗਤਾਰ ਸਿੰਘ ਮਾਨ, ਜਥੇਦਾਰ ਮੇਹਰ ਸਿੰਘ, ਜਸਪਾਲ ਸਿੰਘ ਗਿੱਲ, ਗੁਰਜਿੰਦਰ ਸਿੰਘ ਬਘਿਆੜੀ, ਅਜੀਤ ਸਿੰਘ ਗਿੱਲ ਸ਼ਾਮਲ ਸਨ। ਜਾਣਕਾਰੀ ਮੁਤਾਬਿਕ ਗੁਰਦੁਆਰਾ ਲੋਹਗੜ੍ਹ ਸਾਹਿਬ ਤੋਂ ਨਗਰ ਕੀਰਤਨ ਗੁਰਦੁਆਰਾ ਜਨਮ ਅਸਥਾਨ ਬਾਸਰਕੇ ਗਿੱਲਾਂ ਪਹੁੰਚਿਆ, ਜਿੱਥੇ ਸੰਗਤ ਨੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ ਮੈਡੀਕਲ ਕੈਂਪ ਵੀ ਲਗਾਇਆ ਗਿਆ।