ਪੱਤਰ ਪ੍ਰੇਰਕ
ਤਰਨ ਤਾਰਨ, 21 ਫਰਵਰੀ
ਬੀਤੀ ਰਾਤ ਚੋਣ ਡਿਉੂਟੀ ਖਤਮ ਕਰਕੇ ਰਾਤ ਵੇਲੇ ਇਥੇ ਆਪਣੇ ਘਰ ਪਰਤ ਰਹੇ ਅਮਰਜੀਤ ਸਿੰਘ (53) ਦੀ ਅਚਾਨਕ ਦਿਲ ਦੀ ਧੜਕਨ ਬੰਦ ਹੋਣ ਨਾਲ ਮੌਤ ਹੋ ਗਈ| ਪਾਵਰਕੌਮ ਦੇ ਸਰਕਲ ਫਿਰੋਜ਼ਪੁਰ ਵਿੱਚ ਸਰਕਲ ਸੁਪਰਡੈਂਟ ਦੇ ਤੌਰ ’ਤੇ ਸੇਵਾ ਕਰਦੇ ਅਮਰਜੀਤ ਸਿੰਘ ਫਿਰੋਜ਼ਪੁਰ ਤੋਂ ਚੋਣ ਡਿਉੂਟੀ ਖਤਮ ਕਰਕੇ ਘਰ ਆ ਰਹੇ ਸਨ ਕਿ ਰਾਹ ਵਿੱਚ ਉਨ੍ਹਾਂ ਛਾਤੀ ਵਿੱਚ ਦਰਦ ਮਹਿਸੂਸ ਕੀਤਾ ਜਿਹੜਾ ਉਨ੍ਹਾਂ ਦੀ ਮੌਤ ਦਾ ਕਾਰਨ ਬਣ ਗਿਆ| ਪਾਵਰਕੌਮ ਮੁਲਾਜਮਾਂ ਦੀਆਂ ਜਥੇਬੰਦੀਆਂ ਦੇ ਆਗੂਆਂ ਨੇ ਅਮਰਜੀਤ ਸਿੰਘ ਦੀ ਮੌਤ ਲਈ ਚੋਣ ਡਿਉੂਟੀ ਨੂੰ ਭਾਰੀ ਬੋਝ ਵਾਲੀ ਆਖਦਿਆਂ ਇਸ ਨੂੰ ਮੌਤ ਦਾ ਕਾਰਨ ਦੱਸਿਆ ਹੈ ਅਤੇ ਦੇਸ਼ ਦੇ ਚੋਣ ਕਮਿਸ਼ਨ ਕੋਲੋਂ 50 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ|
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਨੇੜਲੇ ਪਿੰਡ ਆਧੀ ਖੂਹੀ ਪੁਲੀਸ ਚੌਕੀ ’ਚ ਤਾਇਨਾਤ ਥਾਣੇਦਾਰ ਦੀ ਲੰਘੀ ਦੇਰ ਰਾਤ ਚੋਣ ਡਿਊਟੀ ਤੋਂ ਪਰਤਦਿਆਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਮਰੀਕ ਸਿੰਘ ਵਾਸੀ ਸ਼ੇਰ ਗੜ੍ਹੀ ਥਾਣਾ ਲੋਹੀਆਂ ਵਜੋਂ ਹੋਈ ਹੈ। ਚੌਕੀ ਇੰਚਾਰਜ ਰਜਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਥਾਣੇਦਾਰ ਅਮਰੀਕ ਸਿੰਘ ਦੀ ਚੋਣਾਂ ਦੌਰਾਨ ਪੈਟਰੋਲਿੰਗ ਪਾਰਟੀ ’ਤੇ ਡਿਊਟੀ ਲੱਗੀ ਹੋਈ ਸੀ।