ਪੱਤਰ ਪ੍ਰੇਰਕ/ ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 4 ਜੂਨ
ਸਿੱਖਿਆ ਵਿਭਾਗ ਵੱਲੋਂ ਸ਼ਾਨਦਾਰ ਕਾਰਗੁਜ਼ਾਰੀ ਅਤੇ ਗਰੇਡਿੰਗ ਦੇ ਆਧਾਰ ’ਤੇ ਸੂਬੇ ਦੇ ਐਲਾਨੇ ਸਰਵੋਤਮ ਸਰਕਾਰੀ ਸਕੂਲਾਂ ਵਿੱਚ ਸ਼ੁਮਾਰ ਜ਼ਿਲ੍ਹਾ ਗੁਰਦਾਸਪੁਰ ਦੇ ਚਾਰ ਸਕੂਲਾਂ ਨੂੰ ਅੱਜ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਵੱਲੋਂ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੇ ਚਾਰ ਸਕੂਲਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਖੂਪੁਰ, ਸਰਕਾਰੀ ਹਾਈ ਸਕੂਲ ਧਰਮਕੋਟ ਬੱਗਾ, ਸਰਕਾਰੀ ਮਿਡਲ ਸਕੂਲ ਸੱਲੋ ਚਾਹਲ ਅਤੇ ਸਰਕਾਰੀ ਮਿਡਲ ਸਕੂਲ ਪੰਡੋਰੀ ਬੈਂਸਾਂ ਗੁਰਦਾਸਪੁਰ ਸਾਲ 2020-21 ਦੀ ਓਵਰਆਲ ਗਰੇਡਿੰਗ ਦੇ ਆਧਾਰ ‘ਤੇ ਸੂਚੀ ਵਿੱਚ ਸ਼ਾਮਲ ਹਨ। ਡਿਪਟੀ ਕਮਿਸ਼ਨਰ ਨੇ ਸਕੂਲ ਮੁਖੀਆਂ ਅਤੇ ਸਟਾਫ਼ ਦੀ ਮਿਹਨਤ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਪ੍ਰਸ਼ਾਸਨ ਵੱਲੋਂ ਵੀ ਇਨ੍ਹਾਂ ਸਕੂਲਾਂ ਨੂੰ ਹੋਰ ਅਧੁਨਿਕ ਸਹੂਲਤਾਂ ਮੁੱਹਈਆ ਕਰਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਪਾਲ ਸਿੰਘ ਸੰਧਾਵਾਲੀਆ ਨੇ ਦੱਸਿਆ ਕਿ ਸਕੂਲਾਂ ਦੀ ਦਰਜਾਬੰਦੀ ਮਿਡਲ, ਹਾਈ ਅਤੇ ਸੀਨੀਅਰ ਤਿੰਨ ਸ਼੍ਰੇਣੀਆਂ ਵਿੱਚ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਰਵੋਤਮ ਐਲਾਨੇ ਸਕੂਲਾਂ ਨੂੰ ਕ੍ਰਮਵਾਰ ਪੰਜ, 7.5 ਲੱਖ ਅਤੇ 10 ਲੱਖ ਰੁਪਏ ਦਾ ਦਿੱਤਾ ਜਾਣਾ ਹੈ।