ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ 21 ਜੂਨ
ਕਿਸਾਨਾਂ ਦੀ ਮੱਕੀ ਅਤੇ ਕਮਾਦ ਦੀ ਫ਼ਸਲ ਉੱਪਰ ਜੰਗਲੀ ਸੂਰ ਹਮਲਾ ਕਰਕੇ ਫ਼ਸਲ ਖ਼ਰਾਬ ਕਰ ਰਹੇ ਹਨ। ਲਗਾਤਾਰ ਘਾਟੇ ਵਿੱਚ ਜਾ ਰਹੀ ਕਿਸਾਨੀ ਨੂੰ ਬਚਾਉਣ ਲਈ ਕਿਸਾਨ ਪਹਿਲਾਂ ਹੀ ਜੂਝ ਰਹੇ ਹਨ ਪਰ ਹੁਣ ਊਹ ਜੰਗਲੀ ਸੂਰਾਂ ਦੇ ਹਮਲੇ ਤੋਂ ਡਾਢੇ ਪ੍ਰੇਸ਼ਾਨ ਹਨ। ਇਸ ਗੰਭੀਰ ਸਮੱਸਿਆ ਪ੍ਰਤੀ ਜੰਗਲਾਤ ਵਿਭਾਗ ਦੀ ਕਥਿਤ ਅਣਦੇਖੀ ਕਾਰਨ ਕਿਸਾਨ ਫਸਲਾਂ ਦਾ ਨੁਕਸਾਨ ਸਹਿਣ ਕਰਨ ਲਈ ਮਜਬੂਰ ਹਨ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਜਸਕਰਨ ਸਿੰਘ ਪਿੰਡ ਬੱਲਾਂ ਗੋਲਡੀ ਰਹੀਮਪੁਰ ਭੁਪਿੰਦਰ ਸਿੰਘ ਭਜਨ ਸਿੰਘ ਸੇਖੋਂ ਨੇ ਦੱਸਿਆ ਕਿ ਮੱਕੀ ਦੀ ਫ਼ਸਲ ਵਿੱਚ ਜੰਗਲੀ ਸੂਰ ਝੁੰਡ ਬਣਾ ਕੇ ਰਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਲਗਪਗ ਬਾਰਾਂ ਸੂਰ ਝੁੰਡ ਬਣਾ ਕੇ ਫ਼ਸਲਾਂ ਵਿੱਚ ਘੁੰਮ ਕੇ ਫਸਲਾਂ ਦਾ ਨੁਕਸਾਨ ਕਰ ਰਹੇ ਹਨ। ਮੱਕੀ ਦੀ ਫਸਲ ਨੂੰ ਜੜ੍ਹਾਂ ਤੋਂ ਖਾ ਕੇ ਪੂਰਾ ਪੌਦਾ ਜ਼ਮੀਨ ਤੇ ਸੁੱਟ ਲੈਂਦੇ ਹਨ ਅਤੇ ਛੱਲੀਆਂ ਦੇ ਦਾਣੇ ਖਾ ਜਾਂਦੇ ਹਨ। ਅਜਿਹੇ ਵਿੱਚ ਮੱਕੀ ਦੀ ਫ਼ਸਲ ਸੁੱਕ ਕੇ ਖਰਾਬ ਹੋ ਜਾਂਦੀ ਹੈ। ਇਸੇ ਤਰ੍ਹਾਂ ਕਮਾਦ ਦੀ ਫ਼ਸਲ ਭਾਵੇਂ ਅਜੇ ਛੋਟੀ ਹੈ ਇਸ ਦਾ ਨੁਕਸਾਨ ਵੀ ਜੰਗਲੀ ਸੂਰਾਂ ਵੱਲੋਂ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਦੱਸਿਆ ਕਿ ਸੂਰਾਂ ਦੇ ਝੁੰਡ ਪੂਰਾ ਦਿਨ ਖੇਤਾਂ ਵਿੱਚ ਖੜ੍ਹੀ ਫ਼ਸਲ ਵਿੱਚ ਟੋਏ ਪੁੱਟ ਕੇ ਰਹਿੰਦੇ ਹਨ ਅਤੇ ਰਾਤ ਸਮੇਂ ਬਾਹਰ ਨਿਕਲ ਕੇ ਫ਼ਸਲਾਂ ਦਾ ਭਾਰੀ ਨੁਕਸਾਨ ਕਰ ਦਿੰਦੇ ਹਨ। ਫਸਲਾਂ ਨੂੰ ਜੰਗਲੀ ਜਾਨਵਰਾਂ ਤੋਂ ਬਚਾਉਣ ਲਈ ਕਈ ਵਾਰ ਕਿਸਾਨ ਰਾਤ ਸਮੇਂ ਪਹਿਰਾ ਦੇਣ ਲਈ ਮਜਬੂਰ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਜੰਗਲੀ ਸੂਰ ਕਈ ਵਾਰ ਹਮਲਾਵਰ ਹੁੰਦੇ ਹੋਏ ਇਨਸਾਨ ਦੇ ਮਗਰ ਹਮਲਾ ਕਰਨ ਲਈ ਦੌੜਦੇ ਹਨ। ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਨੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੀ ਇਜਾਜ਼ਤ ਤੋਂ ਬਿਨਾਂ ਕਿਸੇ ਵੀ ਜਾਨਵਰ ਨੂੰ ਮਾਰਨ ਦੀ ਮਨਾਹੀ ਦੇ ਹੁਕਮ ਜਾਰੀ ਕੀਤੇ ਹੋਏ ਹਨ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਫਸਲਾਂ ਨੂੰ ਜੰਗਲੀ ਸੂਰਾਂ ਵੱਲੋਂ ਕੀਤੇ ਜਾਂਦੇ ਨੁਕਸਾਨ ਤੋਂ ਬਚਾਉਣ ਲਈ ਜੰਗਲਾਤ ਵਿਭਾਗ ਕੋਈ ਠੋਸ ਹੱਲ ਕੱਢ ਕੇ ਕਿਸਾਨਾਂ ਦੀ ਮਦਦ ਕਰੇ।