ਪੱਤਰ ਪ੍ਰੇਰਕ
ਪਠਾਨਕੋਟ, 22 ਜੁਲਾਈ
ਪੰਜਾਬ ਸਰਕਾਰ ਵੱਲੋਂ ਪਠਾਨਕੋਟ ਜ਼ਿਲ੍ਹੇ ਲਈ ਕੰਜ਼ਿਊਮਰ ਕੋਰਟ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਤਰ੍ਹਾਂ ਜ਼ਿਲ੍ਹੇ ਦੀ ਚਿਰੋਕਣੀ ਮੰਗ ਪੂਰੀ ਹੋ ਗਈ ਹੈ। ਇਹ ਗੱਲ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ ਪਠਾਨਕੋਟ ਵੱਲੋਂ ਕੀਤੇ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਨੂੰ ਕੰਜ਼ਿਊਮਰ ਕੋਰਟ ਲਈ ਜ਼ਿਲ੍ਹਾ ਗੁਰਦਾਸਪੁਰ ਜਾਣਾ ਪੈਂਦਾ ਸੀ ਜਿਸ ਨਾਲ ਉਨ੍ਹਾਂ ਦਾ ਕਾਫੀ ਸਮਾਂ ਅਤੇ ਪੈਸਾ ਖਰਚ ਹੁੰਦਾ ਸੀ। ਸੱਤਾ ਵਿੱਚ ਆਉਣ ਤੋਂ ਪਹਿਲਾਂ ਬਾਰ ਐਸੋਸੀਏਸ਼ਨ ਦੇ ਐਡਵੋਕੇਟ ਉਨ੍ਹਾਂ ਨੂੰ ਮਿਲੇ ਸਨ ਅਤੇ ਉਨ੍ਹਾਂ ਇਹ ਮੰਗ ਉਸ ਦੇ ਅੱਗੇ ਰੱਖੀ ਸੀ। ਸਰਕਾਰ ਬਣਨ ਬਾਅਦ ਉਨ੍ਹਾਂ ਇਹ ਗੱਲ ਸਰਕਾਰ ਅੱਗੇ ਰੱਖੀ, ਜਿਸ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਨ ਲਿਆ। ਉਨ੍ਹਾਂ ਕਿਹਾ ਕਿ ਬਾਰ ਐਸੋਸੀਏਸਨ ਵੱਲੋਂ ਕੋਰਟ ਕੰਪਲੈਕਸ ਅੰਦਰ ਵਕੀਲਾਂ ਦੇ ਚੈਂਬਰ ਅਤੇ ਪਾਰਕਿੰਗ ਦੀਆਂ ਮੰਗਾਂ ਰੱਖੀਆਂ ਗਈਆਂ ਹਨ, ਜਿਨ੍ਹਾਂ ਉਪਰ ਪੰਜਾਬ ਸਰਕਾਰ ਵਿਚਾਰ ਕਰੇਗੀ। ਇਸ ਮੌਕੇ ਐਡਵੋਕੇਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਠਾਕੁਰ, ਸੁਲੱਖਣ ਸਿੰਘ, ਅਕਸ਼ਿਤ ਮੋਦਗਿੱਲ, ਸਿਮਰਨਜੀਤ ਕੌਰ, ਮਾਸਟਰ ਮੋਹਨ ਲਾਲ, ਰਮੇਸ਼ ਕੁਮਾਰ ਅਤੇ ਹੋਰ ਮੈਂਬਰ ਵੀ ਹਾਜ਼ਰ ਸਨ।