ਦਲਬੀਰ ਸਿੰਘ ਸੱਖੋਵਾਲੀਆ
ਬਟਾਲਾ, 13 ਮਈ
ਇੱਥੋਂ ਦੇ ਹੰਸਲੀ ਪੁਲ ’ਤੇ ਲਗਪਗ ਪੌਣੇ ਦੋ ਸਾਲ ਪਹਿਲਾਂ ਧਮਾਕਾ ਹੋਣ ਕਾਰਨ 24 ਜਣਿਆਂ ਦੀ ਮੌਤ ਹੋ ਗਈ ਸੀ, ਜਿਸ ਪਰਿਵਾਰ ਦੀ ਇਹ ਜਗ੍ਹਾਂ, ਉਸ ਪਰਿਵਾਰ ਦੇ ਸਾਰੇ ਮਰਦ ਅਤੇ ਕੰਮ ਕਰਦੇ ਮਜ਼ਦੂਰ ਵੀ ਇਸ ਘਟਨਾ ਵਿੱਚ ਮਾਰੇ ਗਏ ਸਨ। ਕੁਝ ਦਿਨ ਪਹਿਲਾਂ ਪ੍ਰਸ਼ਾਸਨ ਵੱਲੋਂ ਇਸ ਜਗ੍ਹਾਂ ਨੂੰ ਸਰਕਾਰੀ ਜ਼ਮੀਨ ਦੱਸ ਕੇ ਜੇਸੀਬੀ ਨਾਲ ਪੱਧਰ ਕਰਨ ਦੀ ਕੋਸ਼ਿਸ਼ ਕੀਤੀ, ਜਿਸ ’ਤੇ ਪੀੜਤ ਪਰਿਵਾਰ ਦੀਆਂ ਔਰਤਾਂ ਸਮੇਤ ਹੋਰਾਂ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ। ਪੀੜਤ ਪਰਿਵਾਰ ਦੇ ਵਿਰੋਧ ਕਾਰਨ ਜੇਸੀਬੀ ਮਸ਼ੀਨ ਨੂੰ ਰੋਕ ਦਿੱਤਾ ਗਿਆ।
ਪਟਾਕਾ ਫੈਕਟਰੀ ਵਾਲੀ ਜਗ੍ਹਾਂ ’ਤੇ ਕਾਬਜ਼ ਪਰਿਵਾਰ ਦੇ ਹੱਕ ਵਿੱਚ ਕਾਂਗਰਸ ਆਗੂਆਂ ਦੀ ਇੱਕ ਧਿਰ ਵੀ ਅੱਗੇ ਆਈ ਹੈ। ਆਗੂਆਂ ਨੇ ਮਾਮਲੇ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪਾਰਟੀ ਪ੍ਰਧਾਨ ਸੁਨੀਲ ਜਾਖੜ ਤੱਕ ਪਹੁੰਚ ਕਰਨ ਦੀ ਗੱਲ ਆਖੀ ਹੈ ਤਾਂ ਜੋ ਪੀੜਤ ਪਰਿਵਾਰ ਨੂੰ ਉਜੜਨ ਤੋਂ ਬਚਾਇਆ ਜਾ ਸਕੇ। ਸੀਨੀਅਰ ਕਾਂਗਰਸੀ ਆਗੂ ਪਵਨ ਕੁਮਾਰ ਪੰਮਾ ਨੇ ਇਸ ਸਬੰਧੀ ਡਿਪਟੀ ਕਮਿਸ਼ਨਰ ਨਾਲ ਵੀ ਗੱਲ ਕੀਤੀ ਗਈ ਹੈ, ਡੀਸੀ ਵੱਲੋਂ ਵੀ ਪੀੜਤ ਪਰਿਵਾਰ ਨਾਲ ਨਿਆਂ ਕਰਨ ਦਾ ਭਰੋਸਾ ਦਿੱਤਾ ਗਿਆ।