ਐੱਨ.ਪੀ.ਧਵਨ
ਪਠਾਨਕੋਟ, 4 ਅਪਰੈਲ
ਦੇਸ਼ ਵਿੱਚ ਵਧ ਰਹੀ ਮਹਿੰਗਾਈ ਦੇ ਵਿਰੋਧ ਵਿੱਚ ਕਾਂਗਰਸ ਪਾਰਟੀ ਨੇ ਪਠਾਨਕੋਟ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਪਾਰਟੀ ਦੇ ਵਰਕਿੰਗ ਪ੍ਰਧਾਨ ਰਾਕੇਸ਼ ਬਬਲੀ, ਮੇਅਰ ਪੰਨਾ ਲਾਲ ਭਾਟੀਆ ਅਤੇ ਯੂਥ ਆਗੂ ਆਸ਼ੀਸ਼ ਵਿੱਜ ਕਰ ਰਹੇ ਸਨ। ਇਸ ਮੌਕੇ ਡਿਪਟੀ ਮੇਅਰ ਅਜੇ ਕੁਮਾਰ, ਕਾਰਪੋਰੇਟਰ ਗਣੇਸ਼ ਕੁਮਾਰ, ਬਿੱਲਾ ਐੱਮਸੀ, ਟੀਨਾ ਚੌਧਰੀ, ਗੁਲਸ਼ਨ ਕੁਮਾਰ, ਰੌਸ਼ਨ ਲਾਲ ਸੋਨੀ, ਚਰਨਜੀਤ ਹੈਪੀ, ਵਿਕਰਮ ਵਿਕੂ, ਐੱਮਸੀ ਬਲਵਿੰਦਰ ਜੋਤੀ, ਵਿਨੋਦ ਰਾਮਗੜ੍ਹੀਆ, ਬੰਟੀ ਮਹਾਜਨ, ਧਰਮਪਾਲ ਪੱਪੂ ਆਦਿ ਹਾਜ਼ਰ ਸਨ। ਇਸ ਮੌਕੇ ਰਾਕੇਸ਼ ਬਬਲੀ, ਮੇਅਰ ਪੰਨਾ ਲਾਲ ਭਾਟੀਆ ਅਤੇ ਆਸ਼ੀਸ਼ ਵਿੱਜ ਨੇ ਕਿਹਾ ਕਿ ਕੇਂਦਰ ਸਰਕਾਰ ਮਹਿੰਗਾਈ ਰੋਕਣ ਵਿੱਚ ਪੂਰੀ ਤਰ੍ਹਾਂ ਨਾਕਾਮ ਸਿੱਧ ਹੋਈ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਜਦ ਤੱਕ 5 ਰਾਜਾਂ ਵਿੱਚ ਚੋਣਾਂ ਸਨ ਤਾਂ ਉਸ ਵੇਲੇ ਤਾਂ ਕਿਸੇ ਵੀ ਤਰ੍ਹਾਂ ਦੀਆਂ ਕੀਮਤਾਂ ਨਹੀਂ ਵਧਾਈਆਂ ਗਈਆਂ। ਪਿਛਲੇ ਕੁਝ ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ਵਿੱਚ ਪਹਿਲਾਂ ਦੀ ਤਰ੍ਹਾਂ ਲਗਾਤਾਰ ਵਾਧਾ ਹੋ ਰਿਹਾ ਹੈ।
ਖੱਬੇ ਪੱਖੀਆਂ ਵੱਲੋਂ ਮੁਜ਼ਾਹਰਾ
ਅਟਾਰੀ (ਪੱਤਰ ਪ੍ਰੇਰਕ): ਪੈਟਰੋਲ, ਡੀਜ਼ਲ, ਘਰੇਲੂ ਗੈਸ ਦੀਆਂ ਕੀਮਤਾਂ ’ਚ ਵਾਧੇ, ਪਿੰਡਾਂ ਵਿੱਚ ਸਮਾਰਟ ਮੀਟਰ ਲਗਾਉਣ ਅਤੇ ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਦੀ ਹਿੱਸੇਦਾਰੀ ਖਤਮ ਕਰਨ ਖ਼ਿਲਾਫ਼ ਖੱਬੀਆਂ ਧਿਰਾਂ ਦੇ ਸੱਦੇ ’ਤੇ ਅੱਜ ਮੋਦੀ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕੀਤਾ ਗਿਆ। ਜਮਹੂਰੀ ਕਿਸਾਨ ਸਭਾ ਤੇ ਬਾਰਡਰ ਏਰੀਆ ਸੰਘਰਸ਼ ਕਮੇਟੀ ਦੇ ਆਗੂ ਰਤਨ ਸਿੰਘ ਰੰਧਾਵਾ, ਨਿਰਮਲ ਸਿੰਘ ਮੋਦੇ, ਬਲਦੇਵ ਸਿੰਘ ਧਾਰੀਵਾਲ, ਸ਼ਰਨਜੀਤ ਸਿੰਘ ਧਨੋਏ ਤੇ ਅਜੀਤ ਸਿੰਘ ਸਰਪੰਚ ਦੀ ਅਗਵਾਈ ਹੇਠ ਪਿੰਡ ਮੋਦੇ ਵਿੱਚ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਗਿਆ।