ਐਨਪੀ ਧਵਨ
ਪਠਾਨਕੋਟ, 14 ਮਾਰਚ
ਸੁਜਾਨਪੁਰ ਪੁਲੀਸ ਵੱਲੋਂ ਕਾਂਗਰਸੀ ਕੌਂਸਲਰ ਅਮਿਤ ਸ਼ਰਮਾ ਅਤੇ ਉਸ ਦੇ ਭਰਾ ਰਮਨ ਸ਼ਰਮਾ ਖਿਲਾਫ 12 ਮਾਰਚ ਨੂੰ ਮਾਈਨਿੰਗ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ, ਦੇ ਵਿਰੋਧ ਵਿੱਚ ਵਿਧਾਇਕ ਨਰੇਸ਼ ਪੁਰੀ ਨੇ ਆਪਣੇ ਸਮਰਥਕਾਂ ਸਮੇਤ ਅੱਜ ਸੁਜਾਨਪੁਰ ਥਾਣੇ ਮੂਹਰੇ ਰੋਸ ਪ੍ਰਦਰਸ਼ਨ ਕੀਤਾ ਅਤੇ ਸੁਜਾਨਪੁਰ ਥਾਣਾ ਮੁਖੀ ਦਾ ਪੁਤਲਾ ਸਾੜਿਆ। ਸੁਜਾਨਪੁਰ ਥਾਣੇ ਪੁੱਜੇ ਕਾਂਗਰਸ ਆਗੂਆਂ ਨੇ ਇਕ ਘੰਟਾ ਮਾਈਨਿੰਗ ਵਿਭਾਗ ਦੇ ਅਧਿਕਾਰੀ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੰਜੀਵ ਬੈਂਸ, ਮਾਰਕੀਟ ਕਮੇਟੀ ਦੇ ਚੇਅਰਮੈਨ ਠਾਕੁਰ ਭਾਨੂੰ ਪ੍ਰਤਾਪ ਸਿੰਘ, ਨਗਰ ਕੌਂਸਲ ਉਪ-ਪ੍ਰਧਾਨ ਸੁਰਿੰਦਰ ਮਨਹਾਸ, ਆਦੇਸ਼ ਭੱਟੀ, ਪੰਮੀ ਪਠਾਨੀਆ, ਬਿੱਟੂ ਮਹਾਜਨ, ਰਾਜ ਕੁਮਾਰ ਸ਼ਰਮਾ, ਸਾਬਕਾ ਸਰਪੰਚ ਉਂਕਾਰ ਸਿੰਘ, ਡਾ. ਅਸ਼ੋਕ ਕੁਮਾਰ, ਧਰਮਪਾਲ ਆਦਿ ਹਾਜ਼ਰ ਸਨ। ਕਾਂਗਰਸ ਦੇ ਵਿਧਾਇਕ ਨਰੇਸ਼ ਪੁਰੀ ਅਤੇ ਪਠਾਨਕੋਟ ਮੇਅਰ ਪੰਨਾ ਲਾਲ ਭਾਟੀਆ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਸਾਰ ਹੀ ਉਨ੍ਹਾਂ ਕਾਂਗਰਸੀ ਆਗੂਆਂ ਉਪਰ ਝੂਠੇ ਮਾਮਲੇ ਦਰਜ ਕਰਨੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਅੱਗੇ ਕਿਹਾ ਕਿ ਉਹ ਆਪਣੇ ਸਾਰੇ ਆਗੂਆਂ ਨਾਲ ਹਲਕੇ ਦੀ ਜਨਤਾ ਨਾਲ ਪਹਾੜ ਦੀ ਤਰ੍ਹਾਂ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਆਗੂਆਂ ਨਾਲ ਕੀਤੀ ਗਈ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਭਵਿੱਖ ਵਿੱਚ ਕਿਸੇ ਵੀ ਆਗੂ ਨੂੰ ਤੰਗ, ਪ੍ਰੇਸ਼ਾਨ ਕੀਤਾ ਤਾਂ ਇਸ ਦਾ ਅੰਜਾਮ ਠੀਕ ਨਹੀਂ ਹੋਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਲਦੀ ਤੋਂ ਜਲਦੀ ਕਾਂਗਰਸ ਕੌਂਸਲਰ ਅਮਿਤ ਸ਼ਰਮਾ ਅਤੇ ਉਸ ਦੇ ਭਰਾ ਰਮਨ ਸ਼ਰਮਾ ਖਿਲਾਫ ਦਰਜ ਮਾਮਲੇ ਨੂੰ ਰੱਦ ਕੀਤਾ ਜਾਵੇ ਨਹੀਂ ਤਾਂ ਕਾਂਗਰਸ ਆਗੂ ਹਾਈਵੇਅ ਨੂੰ ਜਾਮ ਕਰਨ ਲਈ ਮਜ਼ਬੂਰ ਹੋ ਜਾਣਗੇ।