ਰਣਬੀਰ ਿਸੰਘ ਮਿੰਟੂ
ਚੇਤਨਪੁਰਾ, 27 ਫ਼ਰਵਰੀ
ਕੁੱਕੜਾਂਵਾਲਾ ਦੇ ਖੇਡ ਸਟੇਡੀਅਮ ਵਿਚ ਕਿਰਤੀ ਕਿਸਾਨ ਯੂਨੀਅਨ (ਪੰਜਾਬ) ਵੱਲੋਂ ਇਨਕਲਾਬੀ ਸ਼ਹੀਦ ਬਲਦੇਵ ਸਿੰਘ ਮਾਨ, ਸਰਬਜੀਤ ਸਿੰਘ ਭਿੱਟੇਵੱਡ, ਮਾਸਟਰ ਦਾਤਾਰ ਸਿੰਘ, ਕਾਮਰੇਡ ਸੁਖਰਾਜ ਸਿੰਘ ਛੀਨਾ, ਕਾਮਰੇਡ ਇਕਬਾਲ ਸਿੰਘ ਸਰਪੰਚ ਸਮੇਤ ਹੋਰ ਸ਼ਹੀਦਾਂ ਦੀ ਯਾਦ ਵਿੱਚ ਕਾਨਫਰੰਸ ਕੀਤੀ ਗਈ ਜਿਸ ਵਿੱਚ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਦੇਵ ਸਿੰਘ ਨੇ ਕਿਹਾ ਕਿ ਲੋਕ ਸਮੱਸਿਆਵਾਂ ਨੇ ਹੁਣ ਵਿਕਰਾਲ ਰੂਪ ਧਾਰਨ ਕਰ ਲਿਆ ਹੈ ਜਦ ਕਿ ਵਰਤਮਾਨ ਚੋਣਾਂ ਅੰਦਰ ਲੋਕ ਮੁੱਦੇ ਗਾਇਬ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਬਣਨ ਵਾਲੀ ਨਵੀਂ ਸਰਕਾਰ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੰਗ ਪੱਤਰ ਤਿਆਰ ਕੀਤਾ ਜਾ ਰਿਹਾ ਹੈ ਜਿੱਥੇ ਦਿੱਲੀ ਮੋਰਚੇ ਨਾਲ ਸਬੰਧਤ ਬਕਾਇਆ ਮੰਗਾਂ ਨੂੰ ਮਨਵਾਉਣ ਲਈ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਕਾਨਫਰੰਸ ਨੂੰ ਸੂਬਾ ਸਕੱਤਰ ਰਛਪਾਲ ਸਿੰਘ ਨੇ ਸੰਬੋਧਨ ਕਰਦਿਆਂ ਕਿਸਾਨੀ ਕਰਜ਼ਾ ਖਤਮ ਕਰਨ, ਕਰਜ਼ਾ ਚੜ੍ਹਨ ਤੋਂ ਰੋਕਣ, ਰੁਜ਼ਗਾਰ ਮੁਹੱਈਆ ਕਰਵਾਉਣ, ਨਵੀਆਂ ਸਨਅਤਾਂ ਲਾਉਣ ਲਈ ਵਿਭਿੰਨਤਾ ਖੇਤੀ ਲਈ ਪ੍ਰਬੰਧ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ’ਤੇ ਜ਼ੋਰ ਦਿੱਤਾ ਗਿਆ। ਜ਼ਿਲ੍ਹਾ ਪ੍ਰਧਾਨ ਧਨਵੰਤ ਸਿੰਘ ਖ਼ਤਰਾਏ ਕਲਾਂ ਨੇ ਇਤਿਹਾਸ ਨੂੰ ਸਕੂਲੀ ਸਿਲੇਬਸ ਦੀਆਂ ਪੁਸਤਕਾਂ ਵਿੱਚ ਤੋੜ ਮਰੋੜ ਕੇ ਪੇਸ਼ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਨੂੰ ਤੁਰੰਤ ਬੰਦ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਬਲਵਿੰਦਰ ਸਿੰਘ ਬਾਜਵਾ, ਪ੍ਰਸ਼ੋਤਮ ਸਿੰਘ ਗਹਿਰੀ, ਪਲਵਿੰਦਰ ਸਿੰਘ ਜੇਠੂਨੰਗਲ, ਸੁਖਦੇਵ ਸਿੰਘ ਡੱਬਰ, ਰਣਜੀਤ ਸਿੰਘ ਮੁਹਾਰ, ਬਲਦੇਵ ਸਿੰਘ ਸੰਧੂ, ਗੁਰਪ੍ਰੀਤ ਸਿੰਘ, ਸੁੱਚਾ ਸਿੰਘ ਤੇੜਾ, ਹਰਪਾਲ ਸਿੰਘ ਛੀਨਾ, ਜਗਬੀਰ ਸਿੰਘ ਛੀਨਾ, ਅਵਤਾਰ ਸਿੰਘ ਛੀਨਾ, ਡਾ: ਕੁਲਵੰਤ ਸਿੰਘ ਛੱਜਲਵੱਡੀ ਆਦਿ ਨੇ ਵੀ ਸੰਬੋਧਨ ਕੀਤਾ।