ਨਿੱਜੀ ਪੱਤਰ ਪ੍ਰੇਰਕ
ਬਟਾਲਾ, 13 ਜੂਨ
ਖੇਤੀਬਾੜੀ ਅਤੇ ਵਾਤਾਵਰਨ ਜਾਗਰੂਕਤਾ ਕੇਂਦਰ ਵੱਲੋਂ ਪੰਥ ਸੇਵਕ ਜਥਾ ਮਾਝਾ ਅਤੇ ਪੰਜਾਬ ਹੈਰੀਟੇਜ ਐਂਡ ਕਲਚਰਲ ਸੁਸਾਇਟੀ ਬਟਾਲਾ ਦੇ ਸਹਿਯੋਗ ਨਾਲ ਸ਼ਿਵ ਬਟਾਲਵੀ ਆਡੀਟੋਰੀਅਮ ਬਟਾਲਾ ਵਿੱਚ ਪੰਜਾਬ ਦਾ ਜਲ ਸੰਕਟ ਅਤੇ ਸਾਡੀਆਂ ਨਿੱਜੀ ਅਤੇ ਸਮੂਹਿਕ ਜ਼ਿਮੇਵਾਰੀਆਂ ਵਿਸ਼ੇ ’ਤੇ ਵਿਚਾਰ ਗੋਸ਼ਟੀ ਕਰਵਾਈ ਗਈ। ਮਾਹਰਾਂ ਨੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਧਰਤੀ ਹੇਠਾਂ ਪਾਣੀ ਘੱਟਣ ’ਤੇ ਗਹਿਰੀ ਚਿੰਤਾ ਜਤਾਈ। ਖੇਤੀਬਾੜੀ ਅਤੇ ਵਾਤਾਵਰਨ ਜਾਗਰੂਕਤਾ ਕੇਂਦਰ ਦੇ ਬੁਲਾਰੇ ਦਮਨਜੀਤ ਕੌਰ ਵੱਲੋਂ ਪਾਣੀ ਦੀਆਂ ਹਾਲਤਾਂ ਤੇ ਛਪੀਆਂ ਵੱਖ-ਵੱਖ ਰਿਪੋਰਟਾਂ ਦੇ ਹਵਾਲੇ ਨਾਲ ਅੰਕੜੇ ਪੇਸ਼ ਕਰ ਕੇ ਜਾਗਰੂਕ ਕੀਤਾ ਗਿਆ, ਜਿਸ ਵਿਚ ਉਨ੍ਹਾਂ ਨੇ ਪੰਜਾਬ ਦੇ ਖਾਸ ਕਰ ਗੁਰਦਾਸਪੁਰ ਜ਼ਿਲ੍ਹੇ ਦੇ ਪਾਣੀ ਦੀ ਸਮੱਸਿਆ ਦੇ ਕਈ ਪਹਿਲੂਆਂ ਬਾਰੇ ਗੱਲ ਕੀਤੀ। ਪੰਜਾਬ ਹੈਰੀਟੇਜ ਐਂਡ ਕਲਚਰਲ ਸੁਸਾਇਟੀ ਬਟਾਲਾ ਵੱਲੋਂ ਇੰਦਰਜੀਤ ਸਿੰਘ ਹਰਪੁਰਾ ਨੇ ਪਾਣੀ ਦੀ ਸੰਭਾਲ ’ਤੇ ਜ਼ੋਰ ਦਿੱਤਾ। ਸਰਪੰਚ ਪੰਥਦੀਪ ਸਿੰਘ ਛੀਨਾ ਨੇ ਪਾਣੀ ਦੀ ਸੰਭਾਲ ਸਬੰਧੀ ਆਪਣੇ ਨੁਕਤੇ ਦੱਸਦਿਆਂ ਕਿਹਾ ਕਿ ਪਾਣੀ ਦੀ ਸੰਭਾਲ ਲਈ ਪੰਚਾਇਤਾਂ ਅੱਗੇ ਆਉਣ। ਮਲਕੀਅਤ ਸਿੰਘ ਨੇ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਦਾ ਜ਼ਮੀਨ ਹੇਠਲਾ ਪਾਣੀ ਵੀ ਬੜੀ ਤੇਜ਼ੀ ਨਾਲ ਘੱਟ ਰਿਹਾ ਹੈ, ਜਿਸ ਕਰਕੇ ਜ਼ਮੀਨ ਹੇਠਲੇ ਪਾਣੀ ਵਿੱਚ ਰਸਾਇਣ ਵੀ ਵੱਧ ਰਹੇ ਹਨ। ਪੰਥ ਸੇਵਕ ਜੱਥਾ ਮਾਝੇ ਵੱਲੋਂ ਸੁਖਦੀਪ ਸਿੰਘ ਨੇ ਸਭ ਨੂੰ ਅੱਗੇ ਆ ਕੇ ਇਸ ਪਾਸੇ ਹੰਭਲਾ ਮਾਰਨ ਵਾਸਤੇ ਪ੍ਰੇਰਿਆ।