ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 21 ਸਤੰਬਰ
ਇੱਥੋਂ ਨਜ਼ਦੀਕੀ ਪਿੰਡ ਜਾਣੀਆਂ ਕਲੋਨੀ ਦੇ ਲੋਕਾਂ ਨੇ ਅੱਜ ਪਿੰਡ ਦੇ ਛੱਪੜ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਜੰਡਿਆਲਾ ਗੁਰੂ-ਤਰਨ ਤਾਰਨ ਰੋਡ ’ਤੇ ਧਰਨਾ ਲਾ ਕੇ ਚੱਕਾ ਜਾਮ ਕਰ ਦਿੱਤਾ। ਪਿੰਡ ਦੇ ਵਾਸੀ ਸਿਕੰਦਰਬੀਰ ਸਿੰਘ, ਰਮੇਸ਼ ਸਿੰਘ, ਹਰਜਿੰਦਰ ਕੌਰ, ਸੁਖਵੰਤ ਕੌਰ ਨੇ ਦੱਸਿਆ ਕਿ ਪਿੰਡ ਦੇ ਛੱਪੜ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿੰਡ ਵਾਸੀਆਂ ਨੇ ਬੀਤੇ ਸ਼ਨਿਚਰਵਾਰ ਸੜਕ ਉਪਰ ਧਰਨਾ ਲਗਾਇਆ ਸੀ, ਉਸ ਦਿਨ ਪੀਡਬਲਿਊਡੀ ਮਹਿਕਮੇ ਦੇ ਐਕਸੀਅਨ ਇੰਦਰਜੀਤ ਸਿੰਘ ਨੇ ਭਰੋਸਾ ਦਿੱਤਾ ਸੀ ਕਿ ਇਸ ਗੰਦੇ ਪਾਣੀ ਦੀ ਨਿਕਾਸੀ ਦਾ ਹੱਲ ਸੋਮਵਾਰ ਤੱਕ ਜ਼ਰੂਰ ਕਰ ਦਿੱਤਾ ਜਾਵੇਗਾ ਪਰ ਹੱਲ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਖੱਡਿਆਂ ’ਚ ਭਰੇ ਪਾਣੀ ਕਾਰਨ ਨਿੱਤ ਦਿਨ ਹੀ ਕਈ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਸਬੰਧੀ ਬੀਡੀਪੀਓ ਮਲਕੀਤ ਸਿੰਘ ਭੱਟੀ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ 26 ਸਤੰਬਰ ਤੱਕ ਗੰਦੇ ਪਾਣੀ ਦੀ ਨਿਕਾਸੀ ਦਾ ਹੱਲ ਕੀਤਾ ਜਾਵੇਗਾ।