ਪੱਤਰ ਪ੍ਰੇਰਕ
ਅਜਨਾਲਾ, 13 ਦਸੰਬਰ
ਪਿੰਡ ਬਲੜਵਾਲ ਵਿੱਚ ਇਕ ਕਿਸਾਨ ਦੀ ਕਣਕ ਦੀ ਫ਼ਸਲ ਨੂੰ ਜਬਰੀ ਵਾਹੁਣ ਵਾਲਿਆਂ ਖ਼ਿਲਾਫ਼ ਪੁਲੀਸ ਨੇ ਕੇਸ ਦਰਜ ਕੀਤਾ ਹੈ। ਡੀਐੱਸਪੀ ਅਜਨਾਲਾ ਵਿੱਪਨ ਕੁਮਾਰ ਨੇ ਦੱਸਿਆ ਕਿ ਮੁੱਦਈ ਦਲੀਪ ਸਿੰਘ ਵਾਸੀ ਬਲੜਵਾਲ ਅਨੁਸਾਰ ਉਸ ਨੇ ਹਰਿੰਦਰ ਸਿੰਘ ਵਾਸੀ ਅਜਨਾਲਾ ਪਾਸੋਂ ਚਾਰ ਕਨਾਲ ਜ਼ਮੀਨ ਠੇਕੇ ’ਤੇ ਵਾਹੀ ਵਾਸਤੇ ਲਈ ਸੀ ਜਿਸ ਵਿੱਚ ਉਸ ਨੇ ਕਣਕ ਬੀਜੀ ਸੀ। ਇਸ ਜ਼ਮੀਨ ਨੂੰ ਠੇਕੇ ’ਤੇ ਕਿਰਪਾਲ ਸਿੰਘ ਵਾਸੀ ਬਲੜਵਾਲ ਵੀ ਲੈਣਾ ਚਾਹੁੰਦਾ ਸੀ ਪਰ ਮਾਲਕ ਨੇ ਉਨ੍ਹਾਂ ਨੂੰ ਜ਼ਮੀਨ ਠੇਕੇ ’ਤੇ ਨਹੀਂ ਦਿੱਤੀ। ਇਸੇ ਰੰਜਿਸ਼ ਤਹਿਤ ਕਿਰਪਾਲ ਸਿੰਘ, ਉਸ ਦੀ ਪਤਨੀ ਜਸਬੀਰ ਕੌਰ ਤੇ ਪੁੱਤਰ ਲਾਡੀ ਨੇ ਠੇਕੇ ਵਾਲੀ ਜ਼ਮੀਨ ’ਤੇ ਬੀਜੀ ਕਣਕ ਦੀ ਫ਼ਸਲ ਨੂੰ ਵਾਹ ਦਿੱਤਾ ਤੇ ਉਸ ਦੇ ਭਰਾ ਸੁਰਜੀਤ ਦੀ ਕੁੱਟਮਾਰ ਕੀਤੀ।