ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 3 ਨਵੰਬਰ
ਇਟਲੀ ਵਾਸੀ ਲੜਕੀ ਨੇ ਆਪਣੇ ਮਾਮੇ ਨਾਲ ਮਿਲ ਕੇ ਆਪਣੇ ਪਤੀ ਖ਼ਿਲਾਫ਼ ਭਾਰਤ ’ਚ ਚੱਲਦੇ ਅਦਾਲਤੀ ਕੇਸ ਵਾਪਿਸ ਲੈਣ ਦੇ ਨਾਂ ’ਤੇ 10 ਲੱਖ 65 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਧਾਰੀਵਾਲ ਦੀ ਪੁਲੀਸ ਨੇ ਮਾਮਾ-ਭਾਣਜੀ (ਦੋਵਾਂ) ਵਿਰੁੱਧ ਕੇਸ ਦਰਜ ਕੀਤਾ ਹੈ। ਰਣਜੋਧ ਸਿੰਘ ਵਾਸੀ ਬਾਂਗੋਵਾਣੀ ਨੇ ਉੱਚ ਪੁਲੀਸ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਉਸਦੇ ਭਰਾ ਹਰਵਿੰਦਰ ਸਿੰਘ ਦੀ ਸ਼ਾਦੀ 2016 ’ਚ ਮਨਪ੍ਰ੍ਰੀਤ ਕੌਰ ਪੁੱਤਰੀ ਜੰਗ ਬਹਾਦਰ ਵਾਸੀ ਰਿਆਲੀ ਕਲਾਂ ਹਾਲ ਵਾਸੀ ਇਟਲੀ ਨਾਲ ਹੋਈ ਸੀ। ਵਿਆਹ ਦੇ ਇਕ ਮਹੀਨਾ ਮਗਰੋਂ ਉਹ ਇਟਲੀ ਚਲੀ ਗਈ। ਬਾਅਦ ’ਚ ਉਸਨੇ ਹਰਵਿੰਦਰ ਸਿੰਘ ਨੂੰ ਇਟਲੀ ਲਿਜਾਣ ਦੀ ਬਜਾਏ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਇਸ ਕਾਰਨ ਦੋਵਾਂ (ਪਤੀ-ਪਤਨੀ) ’ਚ ਤਕਰਾਰ ਹੋ ਗਈ। ਉਸਦਾ ਭਰਾ ਹਰਵਿੰਦਰ ਸਿੰਘ 2019 ਵਿੱਚ ਅਸਟਰੇਲੀਆ ਚਲਾ ਗਿਆ। ਜਿਸ ਮਗਰੋਂ ਮਨਪ੍ਰੀਤ ਕੌਰ ਨੇ ਵਿਦੇਸ਼ (ਇਟਲੀ) ਤੋਂ ਆਪਣੀ ਦਰਖਾਸਤ ਦੇਣ ਤੇ ਕੇਸ ਦਾਇਰ ਕਰਨ ਦੀ ਪਾਵਰ ਆਫ ਅਟਾਰਨੀ ਆਪਣੇ ਮਾਮਾ ਕਰਮਜੀਤ ਸਿੰਘ ਵਾਸੀ ਪਿੰਡ ਕਠਿਆਲਾ ਥਾਣਾ ਡੇਰਾ ਬਾਬਾ ਨਾਨਕ ਦੇ ਨਾਂ ਕਰ ਦਿੱਤੀ। ਉਸਨੇ ਆਪਣੀ ਭਣੇਵੀਂ ਮਨਪ੍ਰੀਤ ਕੌਰ ਦੇ ਕਹਿਣ ’ਤੇ ਪਾਵਰ ਆਫ ਅਟਾਰਨੀ ਦੇ ਆਧਾਰ ’ਤੇ ਸ਼ਿਕਾਇਤ ਰਾਹੀਂ ਝੂਠੇ ਇਲਜਾਮ ਲਾ ਕੇ 2019 ਵਿੱਚ ਥਾਣਾ ਘਣੀਏ ਕੇ ਬਾਂਗਰ ’ਚ ਹਰਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰਵਾ ਦਿੱਤਾ। ਕਰਮਜੀਤ ਸਿੰਘ ਵੱਲੋਂ ਕੁਝ ਮੋਹਤਬਰ ਵਿੱਚ ਪਾ ਕੇ ਅਦਾਲਤ ’ਚ ਚੱਲ ਰਹੇ ਕੇਸ ਵਾਪਿਸ ਲੈਣ ਤੇ ਮਨਪ੍ਰੀਤ ਕੌਰ ਤੇ ਹਰਵਿੰਦਰ ਸਿੰਘ ਦਾ ਤਲਾਕ ਮਨਜ਼ੂਰ ਕਰਵਾਉਣ ਲਈ 21 ਲੱਖ ਰੁਪਏ ’ਚ ਸੌਦਾ ਕੀਤਾ। ਇਸ ਸਬੰਧੀ ਉਸਦੇ ਭਰਾ ਨੇ ਪਾਵਰ ਆਫ ਅਟਾਰਨੀ ਉਸਨੂੰ ਦੇ ਦਿੱਤੀ ਤੇ ਮਨਪ੍ਰੀਤ ਕੌਰ ਨੇ ਆਪਣੇ ਮਾਮਾ ਕਰਮਜੀਤ ਸਿੰਘ ਨੂੰ ਪਾਵਰ ਆਫ ਅਟਾਰਨੀ ਦੇ ਦਿੱਤੀ। ਫੈਸਲੇ ਅਨੁਸਾਰ ਉਨ੍ਹਾਂ ਉਸ ਕੋਲੋਂ 10 ਲੱਖ 65 ਹਜ਼ਾਰ ਰੁਪਏ ਲੈ ਲਏ ਤੇ ਬਾਕੀ ਪੈਸੇ ਅਦਾਲਤੀ ਕੇਸ ਵਾਪਿਸ ਲੈਣ ਤੇ ਤਲਾਕ ਹੋਣ ਮਗਰੋਂ ਕਰਮਜੀਤ ਸਿੰਘ ਨੂੰ ਦੇਣੇ ਸੀ। ਪੈਸੇ ਲੈਣ ਮਗਰੋਂ ਉਨ੍ਹਾਂ ਨੇ ਅਦਾਲਤੀ ਕੇਸ ਵਾਪਿਸ ਲੈਣ ਦੀ ਬਜਾਏ ਉਨ੍ਹਾਂ ਨੂੰ (ਸਹੁਰਾ ਪਰਿਵਾਰ) ਨੂੰ ਪ੍ਰੇਸ਼ਾਨ ਕਰਨ ਸ਼ੁਰੂ ਕਰ ਦਿੱਤਾ। ਮਨਪ੍ਰੀਤ ਕੌਰ ਤੇ ਕਰਮਜੀਤ ਸਿੰਘ ਨੇ ਉਸ ਨਾਲ 10 ਲੱਖ 65 ਹਜ਼ਾਰ ਰੁਪਏ ਦੀ ਠੱਗੀ ਮਾਰੀ। ਮਾਮਲੇ ਦੀ ਜਾਂਚ ਡੀ.ਐੱਸ.ਪੀ.ਕਲਾਨੌਰ ਗੁਰਵਿੰਦਰ ਸਿੰਘ ਵੱਲੋਂ ਕਰਨ ਮਗਰੋਂ ਰਣਜੋਧ ਸਿੰਘ ਦੇ ਬਿਆਨਾਂ ਅਨੁਸਾਰ ਥਾਣਾ ਧਾਰੀਵਾਲ ਵਿੱਚ ਮਨਪ੍ਰੀਤ ਕੌਰ ਤੇ ਉਸਦੇ ਮਾਮਾ ਕਰਮਜੀਤ ਸਿੰਘ ਖ਼ਿਲਾਫ਼ ਧਾਰਾ 420,506,120-ਬੀ ਤਹਿਤ ਕੇਸ ਦਰਜ ਕਰਕੇ ਪੁਲੀਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।