ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 3 ਫਰਵਰੀ
ਜ਼ਿਲ੍ਹੇ ’ਚ ਨਗਰ ਕੌਂਸਲ ਤੇ ਪੰਚਾਇਤਾਂ ਦੀਆਂ ਹੋਣ ਵਾਲੀਆਂ ਚੋਣਾਂ ਅਤੇ ਨਗਰ ਨਿਗਮ ਦੀ ਵਾਰਡ ਨੰਬਰ 37 ਦੀ ਹੋਣ ਵਾਲੀ ਉਪ ਚੋਣ ਵਾਸਤੇ ਅੱਜ ਨਾਮਜ਼ਦਗੀਆਂ ਦੇ ਆਖਰੀ ਦਿਨ ਕੁਲ 579 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ। ਜ਼ਿਲੇ ਵਿਚ ਜੰਡਿਆਲਾ ਗੁਰੂ , ਰਮਦਾਸ, ਮਜੀਠਾ, ਰਈਆ ਅਤੇ ਅਜਨਾਲਾ ਦੀਆਂ ਨਗਰ ਕੌਂਸਲਾਂ ਦੀਆਂ ਚੋਣਾਂ ਹੋ ਰਹੀਆਂ ਹਨ।
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਜ਼ਿਲ੍ਹੇ ਅੰਦਰ 14 ਫਰਵਰੀ ਨੂੰ ਹੋਣ ਵਾਲੀਆਂ ਨਗਰ ਨਿਗਮ, ਨਗਰ ਕੌਂਸਲ/ਨਗਰ ਪੰਚਾਇਤ ਦੀਆਂ ਚੋਣਾਂ ਦੇ ਮੱਦੇਨਜ਼ਰ ਅੱਜ ਨਾਮਜ਼ਦਗੀਆਂ ਭਰਨ ਦੇ ਅੰਤਮ ਦਿਨ ਕੁੱਲ 291 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ।
ਆਦਮਪੁਰ ਦੋਆਬਾ (ਹਤਿੰਦਰ ਮਹਿਤਾ): ਨਗਰ ਕੌਂਸਲ ਆਦਮਪੁਰ ਦੀਆਂ ਦੇ ਸਬੰਧੀ ਵਿਚ ਅੱਜ ਕੁੱਲ 36 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਜਿਨ੍ਹਾਂ ਵਿਚ ਵਾਰਡ ਨੰ. 1 ਤੋਂ ਪੂਜਾ (ਬਸਪਾ), ਰਜਨੀ (ਭਾਜਪਾ), ਸ਼ੁਸ਼ਮਾ ਕੁਮਾਰੀ (ਆਜ਼ਾਦ), ਵਾਰਡ ਨੰ. 2 ਤੋਂ ਕੁਸਮ ਸਹੋਤਾ, ਗਿਆਨ ਚੰਦ, ਮਨਜੀਤ ਕੌਰ, ਸੁਰਿੰਦਰ ਪਾਲ, ਰਕੇਸ਼ ਰਾਣੀ (ਆਜ਼ਾਦ), ਵਾਰਡ ਨੰ. 3 ਸੁਖਵਿੰਦਰ ਕੌਰ (ਬਸਪਾ) ਅਤੇ ਹੋਰਨਾਂ ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਭਰੇ ਗਏ।
ਕਾਦੀਆਂ (ਮਕਬੂਲ ਅਹਿਮਦ): ਰਿਟਰਨਿੰਗ ਅਫ਼ਸਰ ਸ਼੍ਰੀ ਅਮਰਜੀਤ ਸਿੰਘ ਨੇ ਦੱਸਿਆ ਕਿ ਕਾਦੀਆਂ ਨਗਰ ਕੌਂਸਲ ਦੇ 15 ਵਾਰਡਾਂ ਲਈ ਕੁਲ 73 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਹਨ।
ਜੰਡਿਆਲਾ ਗੁਰੂ (ਸਿਮਰਤਪਾਲ ਸਿੰਘ ਬੇਦੀ): ਜੰਡਿਆਲਾ ਗੁਰੂ ਨਗਰ ਕੌਂਸਲ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਜੰਡਿਆਲਾ ਗੁਰੂ ਨਗਰ ਅਤੇ ਆਜ਼ਾਦ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਇਸ ਮੌਕੇ ਸਾਬਕਾ ਹਲਕਾ ਵਿਧਾਇਕ ਮਲਕੀਅਤ ਸਿੰਘ ਏਆਰ ਨੇ ਕਿਹਾ ਸਥਾਨਕ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ 13 ਉਮੀਦਵਾਰਾਂ ਅਤੇ ਗੱਠਜੋੜ ਦੇ 2 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ।
ਮੁਕੇਰੀਆਂ (ਜਗਜੀਤ ਸਿੰਘ): ਕੌਂਸਲ ਚੋਣਾਂ ਵਿੱਚ ਆਮ ਆਦਮੀ ਪਾਰਟੀ ਵਲੋਂ ਵੱਖ ਵੱਖ ਵਾਰਡਾਂ ਤੋਂ ਐਲਾਨੇ 11 ਨਗਰ ਕੌਂਸਲ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਪਾਰਟੀ ਦੇ ਸਾਬਕਾ ਹਲਕਾ ਇੰਚਾਰਜ ਪ੍ਰੋਫੈਸਰ ਗੁਰਧਿਆਨ ਸਿੰਘ ਮੁਲਤਾਨੀ ਨੇ ਦੱਸਿਆ ਕਿ ਪਾਰਟੀ ਨੇ ਵਾਰਡ ਨੰਬਰ-1 ਤੋਂ ਪ੍ਰੋਫੈਸਰ ਸੁਮਿੱਤਰੀ ਦੇਵੀ, ਵਾਰਡ ਨੰਬਰ -2 ਤੋਂ ਅਮਰਜੀਤ ਸਿੰਘ, ਵਾਰਡ ਨੰਬਰ 3 ਤੋਂ ਕਾਂਤਾ ਦੇਵੀ ਤੇ ਹੋਰਨਾਂ ਨੇ ਆਪਣੇ ਕਾਗਜ਼ ਦਾਖਲ ਕੀਤੇ ਹਨ।
ਦਸੂਹਾ (ਭਗਵਾਨ ਦਾਸ ਸੰਦਲ): ਉਪ ਮੰਡਲ ਮੈਜਿਸਟ੍ਰੇਟ ਦਸੂਹਾ ਰਣਦੀਪ ਸਿੰਘ ਹੀਰ (ਪੀਸੀਐਸ) ਨੇ ਦੱਸਿਆ ਕਿ ਦਸੂਹਾ ਕੌਂਸਲ ਚੋਣਾਂ ਲਈ ਚੌਥੇ ਦਿਨ ਤੱਕ 15 ਵਾਰਡਾਂ ਵਿੱਚੋਂ 72 ਵੱਖ ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ।
ਗੁਰਦਾਸਪੁਰ (ਜਤਿੰਦਰ ਬੈਂਸ): ਨਗਰ ਕੌਂਸਲ ਗੁਰਦਾਸਪੁਰ ਦੀ ਚੋਣਾਂ ਲਈ ਕੁੱਲ 150 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ। ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੀ ਅਗਵਾਈ ਹੇਠ ਸਮੂਹ 29 ਵਾਰਡਾਂ ਦੇ ਉਮੀਦਵਾਰਾਂ ਨੇ ਨਾਮਜ਼ਦਗੀ ਦਾਖਲ ਕੀਤੀ।
ਧਾਰੀਵਾਲ (ਸੁੱਚਾ ਸਿੰਘ ਪਸਨਾਵਾਲ): ਅੱਜ ਨਾਮਜ਼ਦਗੀਆਂ ਦਾਖਲ ਕਰਨ ਦੇ ਆਖਰੀ ਦਿਨ ਵਿਧਾਨ ਸਭਾ ਹਲਕਾ ਕਾਦੀਆਂ ਵਿੱਚ ਪੈਂਦੇ ਧਾਰੀਵਾਲ ਨਗਰ ਕੌਂਸਲ ਵਿੱਚ ਚੋਣ ਲੜਣ ਲਈ ਕੁੱਲ 67 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ।
ਫਤਿਹਗੜ੍ਹ ਚੂੜੀਆਂ (ਪੱਤਰ ਪੇ੍ਰਕ): ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ ਫਤਿਹਗੜ੍ਹ ਚੂੜੀਆਂ ਵਿਖੇ ਮਾਰਕੀਟ ਕਮੇਟੀ ਦਫ਼ਤਰ ਵਿਚ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ, ਭਾਜਪਾ ਅਤੇ ਅਜ਼ਾਦ ਵਜੋਂ ਕੁਲ 60 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ।