ਐਨਪੀ.ਧਵਨ
ਪਠਾਨਕੋਟ, 7 ਜੁਲਾਈ
ਨਲਵਾ ਨਹਿਰ ਵਿੱਚ ਡੁੱਬ ਜਾਣ ਕਾਰਨ ਨੌਜਵਾਨ ਮਾਣਿਕ (16) ਦੀ ਲਾਸ਼ ਨਾ ਮਿਲਣ ਤੋਂ ਰੋਸ ਵਿੱਚ ਆਏ ਮੁਹੱਲਾ ਵਾਸੀਆਂ ਨੇ ਇਥੋਂ ਦੇ ਟੈਂਕ ਚੌਕ ਪੁਲ ’ਤੇ ਧਰਨਾ ਦੇ ਕੇ ਚੱਕਾ ਜਾਮ ਕਰ ਦਿੱਤਾ। ਜਾਣਕਾਰੀ ਮੁਤਾਬਿਕ ਲਗਭਗ 5 ਘੰਟੇ ਬਾਅਦ ਤਹਿਸੀਲਦਾਰ, ਡੀਐੱਸਪੀ ਸਿਟੀ ਅਤੇ ਐੱਸਐੱਚਓ ਵੱਲੋਂ ਭਰੋਸਾ ਦੇਣ ਮਗਰੋਂ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਅਤੇ ਮੁਹੱਲਾ ਵਾਸੀਆਂ ਨੇ ਜਾਮ ਖੋਲ੍ਹਿਆ। ਇਸ ਜਾਮ ਦੌਰਾਨ ਟੈਂਕ ਚੌਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ, ਜਿਸ ਕਾਰਨ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਝੱਲਣੀ ਪਈ ਜਦ ਕਿ ਪੁਲੀਸ ਨੇ ਬੱਸਾਂ ਨੂੰ ਸ਼ਹਿਰ ਦੇ ਅੰਦਰੋਂ ਦੂਸਰੇ ਰਸਤੇ ਰਾਹੀਂ ਜਾਣ ਦਿੱਤਾ।
ਇਸ ਮੌਕੇ ਪ੍ਰਦਰਸ਼ਨਕਾਰੀ ਮੰਗ ਕਰ ਰਹੇ ਸਨ ਕਿ ਨਹਿਰ ਵਿੱਚ ਵਗ ਰਹੇ ਪਾਣੀ ਦੇ ਵਹਾਅ ਨੂੰ ਰੋਕਿਆ ਜਾਵੇ ਤਾਂ ਜੋ ਨੌਜਵਾਨ ਦੀ ਲਾਸ਼ ਲੱਭੀ ਜਾ ਸਕੇ। ਦੋ ਭੈਣਾਂ ਦੇ ਇਕਲੌਤੇ ਭਰਾ ਮਾਣਿਕ ਦੀ ਲਾਸ਼ ਤੀਜੇ ਦਿਨ ਵੀ ਨਾ ਮਿਲਣ ’ਤੇ ਉਸ ਦੇ ਪਿਤਾ ਮੁਲਖ ਰਾਜ, ਮਾਤਾ ਪਰਮਜੀਤ ਕੌਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਸੜਕ ਜਾਮ ਕਰਕੇ ਧਰਨੇ ’ਤੇ ਬੈਠੇ ਮੁਹੱਲਾ ਵਾਸੀ ਗੁਲਸ਼ਨ ਸ਼ਰਮਾ, ਦਰਪਣ ਸ਼ਰਮਾ, ਰਮਾ ਦੇਵੀ, ਕਾਂਤਾ, ਹੇਮੰਤ, ਸਾਜਨ ਤੇ ਰੋਹਿਤ ਆਦਿ ਨੇ ਕਿਹਾ ਕਿ ਲਾਸ਼ ਨੂੰ ਲੱਭਣ ਲਈ ਪ੍ਰਸ਼ਾਸਨ ਨੇ ਕੋਈ ਕਦਮ ਨਹੀਂ ਚੁੱਕਿਆ। ਜ਼ਿਕਰਯੋਗ ਹੈ ਕਿ ਤਿੰਨ ਦਿਨ ਪਹਿਲਾਂ ਸਥਾਨਕ ਮੁਹੱਲਾ ਆਨੰਦਪੁਰ ਦਾ ਰਹਿਣ ਵਾਲਾ 16 ਸਾਲਾ ਮਾਣਿਕ ਨਲਵਾ ਨਹਿਰ ਵਿੱਚ ਨਹਾਉਣ ਗਿਆ ਸੀ ਅਤੇ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ, ਜਿਸ ਦਾ ਅਜੇ ਤੱਕ ਕੋਈ ਪਤਾ ਨਹੀਂ ਚੱਲ ਸਕਿਆ।