ਪੱਤਰ ਪ੍ਰੇਰਕ
ਚੇਤਨਪੁਰਾ, 5 ਮਈ
ਬੀਤੇ ਦਿਨੀਂ ਦੁਕਾਨਾਂ ਖੋਲ੍ਹਣ ਨੂੰ ਲੈ ਕੇ ਅਜਨਾਲਾ ਦੇ ਬਾਜ਼ਾਰ ਵਿਚ ਦੁਕਾਨਦਾਰਾਂ ਵੱਲੋਂ ਪ੍ਰਦਰਸ਼ਨ ਕਰਨ ਮਗਰੋਂ ਅਜਨਾਲਾ ਪੁਲੀਸ ਵੱਲੋਂ ਪਰਚੇ ਦਰਜ ਕੀਤੇ ਗਏ ਸਨ, ਜਿਨ੍ਹਾਂ ਸਬੰਧੀ ਅੱਜ ਅਜਨਾਲਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਆਪਣੇ ਦਫਤਰ ਵਿੱਚ ਇਕ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਪਰਚਿਆਂ ਨੂੰ ਸਿਆਸੀ ਰਜਿੰਸ਼ ਦੱਸਿਆ ਤੇ ਕਿਹਾ ਕਿ ਜਲਦ ਹੀ ਉਹ ਮਾਮਲੇ ਸਬੰਧੀ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐੱਸ.ਐੱਸ.ਪੀ ਨੂੰ ਦਰਖ਼ਾਸਤ ਦੇਣਗੇ। ਉਨ੍ਹਾਂ ਕਿਹਾ ਕਿ ਪੁਲੀਸ ਨੇ ਅਕਾਲੀ ਦਲ ਦੇ ਸ਼ਹਿਰੀ ਆਗੂਆਂ ਨਿਸ਼ਾਨਾ ਬਣਾਇਆ ਹੈ, ਜਿਸ ਦਾ ਸਬੂਤ ਇਹ ਗੱਲ ਦਿੰਦੀ ਹੈ ਕਿ ਅਕਾਲੀ ਕੌਂਸਲਰ ਦੇ ਪਤੀ ਅਜਨਾਲਾ ਵਿਚ ਉਸ ਸਮੇਂ ਮਜੂਦ ਵੀ ਨਹੀਂ ਸਨ, ਪਰ ਫਿਰ ਵੀ ਪੁਲੀਸ ਵਲੋਂ ਸਿਆਸੀ ਲੋਕਾਂ ਦੇ ਕਹਿਣ ’ਤੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਇਸ ਸਬੰਧੀ ਮੌਜੂਦਾ ਅਕਾਲੀ ਕੌਂਸਲਰ ਦੇ ਪਤੀ ਸ਼ਿਵ ਚਾਹਲ ਨੇ ਦੱਸਿਆ ਕਿ ਉਹ ਬੀਤੇ ਦਿਨ ਅਜਨਾਲਾ ਵਿਚ ਮੌਜੂਦ ਹੀ ਨਹੀਂ ਸੀ ਬਲਕਿ ਉਹ ਆਪਣੇ ਪਰਿਵਾਰ ਨਾਲ ਕਿਸੇ ਰਿਸ਼ਤੇਦਾਰ ਦੇ ਘਰ ਗਏ ਹੋਏ ਸਨ, ਪਰ ਫਿਰ ਵੀ ਪੁਲੀਸ ਵੱਲੋਂ ਉਨ੍ਹਾਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ।