ਰਾਜਨ ਮਾਨ
ਮਜੀਠਾ, 15 ਫਰਵਰੀ
ਵਿਧਾਨ ਸਭਾ ਹਲਕਾ ਮਜੀਠਾ ਤੋਂ ਫਸਵੀਂ ਟੱਕਰ ਹੋਣ ਕਾਰਨ ਅੱਜ ਬਿਕਰਮ ਮਜੀਠੀਆ ਤੇ ਉਨ੍ਹਾਂ ਦੀ ਪਤਨੀ ਵਲੋਂ ਹਲਕੇ ਦੇ ਦਰਜਨ ਤੋਂ ਵੱਧ ਪਿੰਡਾਂ ਵਿੱਚ ਚੋਣ ਰੈਲੀਆਂ ਕੀਤੀਆਂ ਗਈਆਂ। ਲੋਕਾਂ ਨੂੰ ਸੰਬੋਧਨ ਕਰਦਿਆਂ ਬਿਕਰਮ ਮਜੀਠੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸੁੱਖ ਸਹੂਲਤਾਂ ਹਮੇਸ਼ਾ ਲੋਕਾਂ ਦੀਆਂ ਬਰੂਹਾਂ ਤੱਕ ਪਹੁੰਚਦੀਆਂ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਨਾ ਸਿਰਫ ਲੋਕਾਂ ਦੀ ਭਲਾਈ ਲਈ ਕੰਮ ਕੀਤੇ ਸਗੋਂ ਸਮਾਜ ਦੇ ਹਰ ਵਰਗ ਨੂੰ ਇੱਕ ਧਾਗੇ ਵਿੱਚ ਪਰੋਇਆ ਤੇ ਸਰਬ ਪੱਖੀ ਵਿਕਾਸ ਲਈ ਕੰਮ ਕੀਤਾ। ਆਪਣੀ ਪਤਨੀ ਗੁਨੀਵ ਕੌਰ ਦੇ ਹੱਕ ਵਿੱਚ ਪਿੰਡ ਰਮਾਣਾ ਚੱਕ, ਵਡਾਲਾ ਤੇ ਭੋਮਾ ਵਿੱਚ ਕਰਵਾਏ ਚੋਣ ਪ੍ਰਚਾਰ ਸਮਾਗਮਾਂ ਦੌਰਾਨ ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਬਣਨ ’ਤੇ ਨਾ ਸਿਰਫ ਬਿਜਲੀ ਸਸਤੀ ਮਿਲੇਗੀ, ਸਗੋਂ 10 ਲੱਖ ਦਾ ਸਿਹਤ ਬੀਮਾ, ਵਿਆਜ ਮੁਕਤ ਪੜ੍ਹਾਈ ਲਈ ਕਰਜ਼ੇ ਵਰਗੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ ਦੌਰਾਨ ਪਿੰਡ ਸੁਪਾਰੀ ਵਿੰਡ, ਰਮਨਾ ਚੱਕ, ਭਿੰਗ ਨਗਲ ਤੋਂ ਚਤਕਰੀਬਨ 30 ਕਾਂਗਰਸੀ ਪਰਿਵਾਰ ਵੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ। ਗਨੀਵ ਮਜੀਠੀਆ ਨੇ ਹਲਕੇ ਦੇ 9 ਪਿੰਡਾਂ ਵਿੱਚ ਚੋਣ ਮੀਟਿੰਗਾਂ ਕੀਤੀਆਂ ਅਤੇ ਲੋਕਾਂ ਨੂੰ ਅਕਾਲੀ-ਬਸਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ।
ਵੱਖ ਵੱਖ ਸੰਗਠਨਾਂ ਵਲੋਂ ਹਮਾਇਤ ਦਾ ਐਲਾਨ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਹਲਕਾ ਅੰਮ੍ਰਿਤਸਰ ਪੂਰਬੀ ਵਿਚ ਅਕਾਲੀ- ਬਸਪਾ ਗੱਠਜੋੜ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਦੋ ਦਰਜਨ ਤੋਂ ਵੱਧ ਸੰਗਠਨਾਂ ਨੇ ਹਮਾਇਤ ਦੇਣ ਦਾ ਐਲਾਨ ਕੀਤਾ। ਇਨ੍ਹਾਂ ਸੰਗਠਨਾਂ ਦੇ ਆਗੂਆਂ ਨੇ ਮਜੀਠੀਆ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ। ਹਮਾਇਤ ਦੇਣ ਵਾਲਿਆਂ ਵਿੱਚ ਆਲ਼ ਇੰਡੀਆ ਸ਼ਡਿਊਲਡ ਕਾਸਟ ਫ਼ੈਡਰੇਸ਼ਨ ਦੇ ਜਗਦੀਸ਼ ਕੁਮਾਰ ਜੱਗੂ, ਭਾਰਤੀ ਵਾਲਮੀਕੀ ਧਰਮ ਸਮਾਜ (ਭਾਵਾਧਸ) ਹੈਪੀ ਭੀਲ, ਵਾਲਮੀਕੀ ਆਦਿ ਧਰਮ ਸਮਾਜ ਤੋਂ ਓਮ ਪ੍ਰਕਾਸ਼ ਅਨਾਰੀਆ, ਭਾਰਤੀ ਵਾਲਮੀਕੀ ਆਦਿ ਧਰਮ ਸਮਾਜ ਤੋਂ ਸੁਨੀਲ ਮੱਟੂ, ਵਾਲਮੀਕੀ ਅੰਬੇਦਕਰ ਮਹਾਪੰਚਾਇਤ ਤੋਂ ਸੁਮੀਤ ਕਾਲੀ, ਭਗਵਾਨ ਵਾਲਮੀਕੀ ਸੰਤ ਕੇਸ਼ੋ ਦਾਸ ਐਜੂਕੇਸ਼ਨ ਟਰੱਸਟ ਤੋਂ ਆਕਾਸ਼ ਮਲਹੋਤਰਾ, ਦਲਿਤ ਸੁਰਕਸ਼ਾ ਸੈਨਾ ਤੋਂ ਰਾਹੁਲ ਮਲਿਕ, ਅੰਬੇਦਕਰ ਅੰਦੋਲਨ ਤੋਂ ਪਵਨ ਗਿੱਲ ਆਦਿ ਸ਼ਾਮਲ ਸਨ।