ਰਾਜਨ ਮਾਨ
ਮਜੀਠਾ, 3 ਫਰਵਰੀ
ਵਿਧਾਨ ਸਭਾ ਹਲਕਾ ਮਜੀਠਾ ਤੋਂ ਹੁਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲੀ ਮਜੀਠੀਆ ਤੇ ਬਿਕਰਮ ਮਜੀਠੀਆ ਦੀਆਂ ਪਤਨੀਆਂ ਚੋਣ ਮੈਦਾਨ ਵਿੱਚ ਨਿੱਤਰ ਆਈਆਂ ਹਨ ਤੇ ਉਨ੍ਹਾਂ ਨੇ ਕਮਰਕੱਸੇ ਕੱਸ ਕੇ ਚੋਣ ਮੁਹਿੰਮ ਨੂੰ ਨਵਾਂ ਮੋੜਾ ਦੇ ਦਿੱਤਾ ਹੈ। ਹਲਕੇ ’ਚ ਪਿਛਲੇ ਕਈ ਦਿਨਾਂ ਤੋਂ ਅਕਾਲੀ ਦਲ ਦੀ ਚੋਣ ਮੁਹਿੰਮ ਸ਼ੁਰੂ ਨਾ ਹੋਣ ਕਰਕੇ ਹਲਕੇ ਅੰਦਰ ਚੋਣ ਪ੍ਰਚਾਰ ਦਾ ਯੱਕਾ ਮੱਠੀ ਚਾਲੇ ਚੱਲ ਰਿਹਾ ਸੀ, ਪਰ ਹੁਣ ਬਿਕਰਮ ਮਜੀਠੀਆ ਦੀ ਪਤਨੀ ਗਨੀਵ ਮਜੀਠੀਆ ਵੱਲੋਂ ਪਿੰਡਾਂ ’ਚ ਪ੍ਰਚਾਰ ਮੁਹਿੰਮ ਸ਼ੁਰੂ ਕਰਕੇ ਚੋਣ ਮੈਦਾਨ ਨੂੰ ਭਖਾ ਦਿੱਤਾ ਹੈ। ਉਧਰ, ‘ਆਪ’ ਉਮੀਦਵਾਰ ਲਾਲੀ ਮਜੀਠੀਆ ਦੀ ਪਤਨੀ ਡਾ. ਸਤਿੰਦਰਪਾਲ ਕੌਰ ਮਜੀਠੀਆ ਨੇ ਵੀ ਆਪਣੇ ਪਤੀ ਦੇ ਹੱਕ ਵਿੱਚ ਨਿੱਤਦਿਆਂ ਪਿੰਡਾਂ ਵੱਲ ਵਹੀਰਾਂ ਘੱਤ ਲਈਆਂ ਹਨ। ਦੋਹਾਂ ਆਗੂਆਂ ਦੀਆਂ ਪਤਨੀਆਂ ਵੱਲੋਂ ਲੋਕਾਂ ਦੇ ਦਰਾਂ ’ਤੇ ਜਾ ਕੇ ਪ੍ਰਚਾਰ ਦੀ ਅਲਖ ਜਗਾਈ ਜਾ ਰਹੀ ਹੈ। ਅਕਾਲੀ ਦਲ ਤੇ ਬਸਪਾ ਗੱਠਜੋੜ ਦੀ ਉਮੀਦਵਾਰ ਗਨੀਵ ਕੌਰ ਮਜੀਠੀਆ ਨੇ ਅੱਜ ਹਲਕੇ ਦੇ ਅੱਧੀ ਦਰਜਨ ਦੇ ਕਰੀਬ ਪਿੰਡਾਂ ਦਾ ਦੌਰਾ ਕੀਤਾ ਜਿਸ ਦੌਰਾਨ ਲੋਕਾਂ ਨੇ ਉਨ੍ਹਾਂ ਦਾ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ। ਪਹਿਲੀ ਵਾਰ ਹਲਕੇ ਦੇ ਪਿੰਡਾਂ ’ਚ ਵਿਚਰਨ ਕਰਕੇ ਕੁਝ ਪਰਿਵਾਰਾਂ ਨੇ ਬੀਬਾ ਗਨੀਵ ਨੂੰ ਪਹਿਲੀ ਵਾਰ ਪਿੰਡ ਤੇ ਘਰ ਪਹੁੰਚਣ ’ਤੇ ਸ਼ਗਨ ਵੀ ਦਿੱਤਾ। ਵੱਖ ਵੱਖ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਗਨੀਵ ਕੌਰ ਨੇ ਕਿਹਾ ਕਿ ਇਹ ਹਲਕਾ ਹਮੇਸ਼ਾ ਬਿਕਰਮ ਸਿੰਘ ਮਜੀਠੀਆ ਦਾ ਪਰਿਵਾਰ ਰਿਹਾ ਹੈ ਤੇ ਉਹ ਵੀ ਭਰੋਸਾ ਦੁਆਉਂਦੇ ਹਨ ਕਿ ਜਿਵੇਂ ਆਪਣੇ ਬੱਚਿਆਂ ਦਾ ਖਿਆਲ ਰੱਖਣਗੇ, ਉਸੇ ਤਰ੍ਹਾਂ ਇਸ ਹਲਕੇ ਦੇ ਲੋਕਾਂ ਦੀ ਸੇਵਾ ਵੀ ਕਰਨਗੇ ਤੇ ਹਲਕੇ ਦਾ ਵਿਕਾਸ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ। ਇਸੇ ਤਰ੍ਹਾਂ ਡਾ. ਸਤਿੰਦਰਪਾਲ ਕੌਰ ਮਜੀਠੀਆ ਨੇ ਵੀ ਵੱਖ ਥਾਵਾਂ ’ਤੇ ਜਾ ਕੇ ਪਤੀ ਦੇ ਹੱਥ ਮਜ਼ਬੂਤ ਕਰਨ ਦਾ ਹੋਕਾ ਦਿੱਤਾ। ਮਜੀਠਾ ’ਚ ਲੋਕਾਂ ਨੂੰ ਮਿਲਦਿਆਂ ਉਨ੍ਹਾਂ ਕਿਹਾ ਕਿ ਅੱਜ ਮੌਕਾ ਹੈ ਹਲਕੇ ਦੀ ਵਾਗਡੋਰ ਲਾਲੀ ਮਜੀਠੀਆ ਨੂੰ ਦਿੱਤੀ ਜਾਵੇ ਤੇ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕੀਤਾ ਜਾਵੇ।