ਐੱਨ ਪੀ ਧਵਨ
ਪਠਾਨਕੋਟ, 25 ਅਪਰੈਲ
ਸੂਬੇ ਦੀ ‘ਆਪ’ ਸਰਕਾਰ ਕਿਸਾਨਾਂ ਦੇ ਕਣਕ ਦੀ ਫ਼ਸਲ ਦਾ ਇੱਕ-ਇੱਕ ਦਾਣਾ ਖਰੀਦਣ ਲਈ ਵਚਨਬੱਧ ਹੈ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਜਿਲ੍ਹਾ ਪਠਾਨਕੋਟ ਦੀਆਂ ਦਾਣਾ ਮੰਡੀਆਂ ਦਾ ਦੌਰਾ ਕਰਨ ਮਗਰੋਂ ਕੀਤਾ। ਉਨ੍ਹਾਂ ਸਰਨਾ ਮੰਡੀ, ਫਿਰੋਜ਼ਪੁਰ ਕਲਾਂ ਮੰਡੀ ਦਾ ਦੌਰਾ ਕਰਕੇ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ। ਕੈਬਨਿਟ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਦੀਨਾਨਗਰ, ਗੁਰਦਾਸਪੁਰ, ਧਾਰੀਵਾਲ, ਕਾਦੀਆਂ, ਫਤਿਹਗੜ੍ਹ ਚੂੜੀਆਂ ਅਤੇ ਬਟਾਲਾ ਆਦਿ ਦੀਆਂ ਮੰਡੀਆਂ ਦਾ ਵੀ ਦੌਰਾ ਕੀਤਾ ਜਾ ਰਿਹਾ ਹੈ। ਇੱਕ ਹੋਰ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਜਿਨ੍ਹਾਂ ਪਿੰਡਾਂ ਅੰਦਰ ਲਾਭਪਾਤਰੀਆਂ ਨੂੰ ਕਣਕ ਨਹੀਂ ਦਿੱਤੀ ਗਈ, ਇਸ ਦੀ ਜਾਂਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਹੁਣ ‘ਆਪ’ ਦੀ ਸਰਕਾਰ ਵੱਲੋਂ ਲਾਭਪਾਤਰੀਆਂ ਨੂੰ ਕਣਕ ਨਹੀਂ, ਸਗੋਂ ਵਧੀਆ ਕੁਆਲਿਟੀ ਦਾ ਆਟਾ ਦਿੱਤਾ ਜਾਵੇਗਾ, ਜੋ ਸਿੱਧਾ ਲਾਭਪਾਤਰੀ ਦੇ ਘਰ ਪਹੁੰਚਾਇਆ ਜਾਵੇਗਾ। ਇਸ ਯੋਜਨਾ ਉਪਰ ਸਰਕਾਰ ਵਿਚਾਰ ਕਰ ਰਹੀ ਹੈ।
ਕਾਦੀਆਂ (ਮਕਬੂਲ ਅਹਿਮਦ): ਫੂਡ ਐਂਡ ਸਪਲਾਈ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂ ਚੱਕ ਨੇ ਅੱਜ ਸਥਾਨਕ ਦਾਣਾ ਮੰਡੀ ਦਾ ਦੌਰਾ ਕੀਤਾ। ਇਸ ਮੌਕੇ ਹਲਕੇ ਤੋਂ ‘ਆਪ’ ਦੇ ਇੰਚਾਰਜ ਜਗਰੂਪ ਸਿੰਘ ਸੇਖਵਾਂ ਵੀ ਮੌਜੂਦ ਸਨ।
‘ਪੰਜਾਬ ਅੰਦਰ ਹੁਣ ਤਕ 88 ਲੱਖ ਟਨ ਮੀਟਰਿਕ ਕਣਕ ਦੀ ਖ਼ਰੀਦ ਹੋਈ’
ਧਾਰੀਵਾਲ (ਸੁੱਚਾ ਸਿੰਘ ਪਸਨਾਵਲ): ਪੰਜਾਬ ਸਰਕਾਰ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਦਾਣਾ ਮੰਡੀ ਧਾਰੀਵਾਲ ਦਾ ਦੌਰਾ ਕਰਕੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਨੂੰ ਪਿਛਲੀ ਕਾਂਗਰਸ ਸਰਕਾਰ ਵੱਲੋਂ ਵਿਗੜੇ ਹੋਏ ਰੂਪ ਵਿੱਚ ਬਹੁਤ ਕੁਝ ਵਿਰਾਸਤ ਮਿਲਿਆ ਹੈ, ਜਿਸ ਨੂੰ ਸਾਧਾਰਨ ਵਿੱਚ ਕੁਝ ਸਮਾਂ ਤਾਂ ਜ਼ਰੂਰ ਲੱਗੇਗਾ। ਕਟਾਰੂਚੱਕ ਨੇ ਕਿਹਾ ਕਿ ਪੰਜਾਬ ਅੰਦਰ ਹੁਣ ਤੱਕ ਕੁੱਲ 88 ਲੱਖ ਮੀਟਰਿਕ ਟਨ ਕਣਕ ਖ਼ਰੀਦੀ ਜਾ ਚੁੱਕੀ ਹੈ, ਜਿਸ ਵਿਚ 83 ਲੱਖ ਮੀਟਰਿਕ ਟਨ ਸਰਕਾਰੀ ਏਜੰਸੀਆਂ ਨੇ ਅਤੇ ਪੰਜ ਲੱਖ ਮੀਟਰਿਕ ਟਨ ਕਣਕ ਪ੍ਰਾਈਵੇਟ ਏਜੰਸੀ ਖਰੀਦੀ ਹੈ। ਕਣਕ ਦੀ ਅਦਾਇਗੀ ਵੀ ਕਿਸਾਨਾਂ ਦੇ ਖਾਤਿਆਂ ਵਿੱਚ ਪੈ ਰਹੀ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦਾ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ, ਡੀਐੱਮਓ ਕੁਲਜੀਤ ਸਿੰਘ, ਡੀਐੱਫਐੱਸਸੀ ਸੁਖਜਿੰਦਰ ਸਿੰਘ, ਏਐੱਫਐੱਸਓ ਪ੍ਰਦੀਪ ਖੰਨਾ, ਇੰਸਪੈਕਟਰ ਪ੍ਰਤੀਕ ਮਹਾਜਨ ਸਣੇ ਆੜ੍ਹਤੀਏ ਅਤੇ ਕਿਸਾਨ ਹਾਜ਼ਰ ਸਨ।
ਡੀਏਪੀ ਖਾਦ ਦੀਆਂ ਕੀਮਤਾਂ ਵਧਾਉਣ ਦਾ ਵਿਰੋਧ
ਬਟਾਲਾ (ਦਲਬੀਰ ਸੱਖੋਵਾਲੀਆ/ਹਰਜੀਤ ਪਰਮਾਰ): ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਅੱਜ ਸਰਹੱਦੀ ਇਲਾਕੇ ਦੀ ਸਭ ਤੋਂ ਵੱਡੀ ਅਨਾਜ ਮੰਡੀ ਬਟਾਲਾ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਬਾਰਦਾਨੇ ਦੀ ਕੋਈ ਕਮੀਂ ਨਹੀਂ ਹੈ ਅਤੇ ਲਿਫਟਿੰਗ ਵੀ ਨਾਲ ਦੀ ਨਾਲ ਹੋ ਰਹੀ ਹੈ। ਇਸ ਮੌਕੇ ਬਟਾਲਾ ਵਿਧਾਇਕ ਸ਼ੈਰੀ ਕਲਸੀ, ਹਲਕਾ ਫਤਹਿਗੜ੍ਹ ਚੂੜੀਆਂ ਦੇ ਸੀਨੀਅਰ ਆਗੂ ਬਲਬੀਰ ਸਿੰਘ ਪੰਨੂ, ਸੈਕਟਰੀ ਮਾਰਕਿਟ ਕਮੇਟੀ ਬਟਾਲਾ ਬਿਕਰਮਜੀਤ ਸਿੰਘ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀ ਵੀ ਮੌਜੂਦ ਸਨ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਡੀਏਪੀ ਦੀ ਕੀਮਤ ਵਿੱਚ ਵਾਧਾ ਕਰਨਾ ਮੰਦਭਾਗੀ ਗੱਲ ਹੈ, ਜਿਸ ਨਾਲ ਕਿਸਾਨੀ ’ਤੇ ਵੱਡਾ ਬੋਝ ਪਵੇਗਾ। ਉਨ੍ਹਾਂ ਕਿਹਾ ਕਿ ਆਰਥਿਕ ਮੰਦਹਾਲੀ ਦੀ ਮਾਰ ਝੱਲ ਰਹੀ ਕਿਸਾਨੀ ਨੂੰ ਸਗੋਂ ਕੇਂਦਰ ਸਰਕਾਰ ਵੱਲੋਂ ਰਾਹਤ ਦਿੱਤੀ ਜਾਣੀ ਚਾਹੀਦੀ ਹੈ।