ਪੱਤਰ ਪ੍ਰੇਰਕ
ਤਰਨ ਤਾਰਨ, 14 ਜਨਵਰੀ
ਵੀਰਵਾਰ ਦੀ ਸ਼ਾਮ ਨੂੰ ਰਹਿਰਾਸ ਦੇ ਪਾਠਾਂ ਦੀ ਸਮਾਪਤੀ ਉਪਰੰਤ ਇਥੋਂ ਦੇ ਦਰਬਾਰ ਸਾਹਿਬ ਵਿੱਚ ਪੂਰੀਆਂ ਸ਼ਰਧਾ ਭਾਵਨਾ ਨਾਲ ਬਸੰਤ ਰਾਗ ਦੀ ਆਰੰਭਤਾ ਕੀਤੀ ਗਈ ਜਿਸ ਦਾ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਪੂਰਾ ਆਨੰਦ ਮਾਣਿਆ| ਚੰਡੀਗੜ੍ਹ ਦੇ ਭਾਈ ਰਣਜੀਤ ਸਿੰਘ ਨੇ ਇਸ ਮੌਕੇ ਰੱਬੀ ਬਾਣੀ ਦੇ ਮਨੋਹਰ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ| ਰੰਗ-ਬਰੰਗੀਆਂ ਰੌਸ਼ਨੀਆਂ ਨਾਲ ਜਗਮਗਾਉਂਦੇ ਦਰਬਾਰ ਸਾਹਿਬ ਅੰਦਰ ਸੰਗਤਾਂ ਨੇ ਇੱਕ ਚਿੱਤ ਹੋ ਕੇ ਕੀਰਤਨ ਦਾ ਅਨੰਦ ਮਾਣਿਆ| ਦਰਬਾਰ ਸਾਹਿਬ ਦੇ ਮੈਨੇਜਰ ਭਾਈ ਧਰਵਿੰਦਰ ਸਿੰਘ ਨੇ ਦੱਸਿਆ ਕਿ ਸੰਗਤਾਂ ਲਈ ਸ਼ਰਧਾਲੂਆਂ ਵੱਲੋਂ ਲੰਗਰ ਆਦਿ ਲਗਾਏ ਗਏ ਸਨ| ਦਰਬਾਰ ਸਾਹਿਬ ਵਿੱਚ ਅੱਜ ਪਵਿੱਤਰ ਮਾਘੀ ਦੇ ਮਹੀਨੇ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਦਰਸ਼ਨ-ਇਸ਼ਨਾਨ ਕੀਤੇ|