ਐੱਨ ਪੀ ਧਵਨ
ਪਠਾਨਕੋਟ, 20 ਜੂਨ
ਲੋਕ ਨਿਰਮਾਣ ਵਿਭਾਗ ਵੱਲੋਂ ਬਰਸਾਤ ਦੇ ਮੌਸਮ ਵਿੱਚ ਦੇਖਦੇ ਹੋਏ ਜ਼ਿਲ੍ਹਾ ਪਠਾਨਕੋਟ ਦੇ ਸਰਹੱਦੀ ਖੇਤਰ ਵਿੱਚ ਨਦੀਆਂ, ਨਾਲਿਆਂ ਤੇ ਪਾਏ ਗਏ ਅਸਥਾਈ (ਪੈਨਟੂਨ) ਪੁਲਾਂ ਨੂੰ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਦੋ ਪੁਲ ਸਰਹੱਦੀ ਕਸਬੇ ਬਮਿਆਲ ਕੋਲ ਜਲਾਲੀਆ ਦਰਿਆ ਪਿੰਡ ਮਸਤਪੁਰ ਅਤੇ ਮੁੱਠੀ ਵਿੱਚ ਪਾਏ ਹੋਏ ਹਨ। ਇਨ੍ਹਾਂ ਪੁਲਾਂ ਨੂੰ ਹਟਾ ਲਏ ਜਾਣ ਬਾਅਦ ਲਗਭਗ 40 ਪਿੰਡਾਂ ਦਾ ਆਪਸ ਵਿੱਚ ਸਿੱਧਾ ਸੰਪਰਕ ਟੁੱਟ ਜਾਵੇਗਾ। ਲੋਕਾਂ ਨੂੰ ਜਾਂ ਤਾਂ ਬੇੜੀ ਦੇ ਸਹਾਰੇ ਦਰਿਆ ਪਾਰ ਕਰਨਾ ਪਵੇਗਾ ਜਾਂ ਫਿਰ ਜ਼ਿਆਦਾ ਸਫ਼ਰ ਤੈਅ ਕਰਕੇ ਆਪਣੇ ਪਿੰਡ ਆਉਣਾ-ਜਾਣਾ ਪਵੇਗਾ ਜਿਸ ਨਾਲ ਪ੍ਰੇਸ਼ਾਨੀ ਵਧੇਗੀ। ਜਾਣਕਾਰੀ ਅਨੁਸਾਰ ਲੋਕ ਨਿਰਮਾਣ ਵਿਭਾਗ ਵੱਲੋਂ ਪਿੰਡ ਮਸਤਪੁਰ ਅਤੇ ਪਿੰਡ ਮੁੱਠੀ ਵਿੱਚ ਪਾਏ ਗਏ ਅਸਥਾਈ ਪੁਲਾਂ ਨੂੰ ਉਠਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਪਿੰਡ ਮਾਖਨਪੁਰ ਵਿੱਚ ਰਾਵੀ ਦਰਿਆ ਉਪਰ ਪਾਏ ਗਏ ਅਸਥਾਈ ਪੁਲ ਨੂੰ 22 ਜੂਨ ਬਾਅਦ ਉਠਾ ਲਿਆ ਜਾਵੇਗਾ। ਪੁਲ ਉਠਾਉਣ ਦੇ ਬਾਅਦ ਸਰਹੱਦੀ ਖੇਤਰ ਦੇ ਪਿੰਡ ਮਸਤਪੁਰ, ਜਨਿਆਲ, ਸਮਰਾਲਾ, ਫਤਿਹਪੁਰ, ਰਤੜਵਾਂ ਆਦਿ ਦੇ ਲੋਕਾਂ ਨੂੰ ਆਉਣ-ਜਾਣ ਲਈ ਬੇੜੀ ਦੇ ਸਹਾਰੇ ਦਰਿਆ ਪਾਰ ਕਰਨਾ ਪਵੇਗਾ ਜਾਂ ਫਿਰ ਵਾਇਆ ਬਹਿਆਰ 10 ਕਿਲੋਮੀਟਰ ਦਾ ਵਾਧੂ ਸਫ਼ਰ ਤੈਅ ਕਰਨਾ ਪਵੇਗਾ। ਪਿੰਡ ਮਾਖਨਪੁਰ ਵਿੱਚ ਰਾਵੀ ਦਰਿਆ ਉਪਰੋਂ ਪੁਲ ਹਟਾ ਲਏ ਜਾਣ ਬਾਅਦ ਮੰਡ ਖੇਤਰ ਦੇ ਪਿੰਡ ਮਾਖਨਪੁਰ, ਪਹਾੜੀਪੁਰ, ਫਰਵਾਲ, ਮੰਝੀਰੀ, ਦਤਿਆਲ, ਅਖਵਾੜਾ ਸਮੇਤ ਲੱਗਭੱਗ ਡੇਢ ਦਰਜਨ ਪਿੰਡਾਂ ਦੇ ਲੋਕਾਂ ਨੂੰ ਗੁਰਦਾਸਪੁਰ ਜਾਣ ਲਈ ਵਾਇਆ ਦੀਨਾਨਗਰ ਹੋ ਕੇ ਜਾਣਾ ਪਵੇਗਾ। ਇਸ ਨਾਲ ਇਸ ਖੇਤਰ ਤੋਂ ਗੁਰਦਾਸਪੁਰ ਜਾਣ ਲਈ ਲਗਭਗ 20 ਕਿਲੋਮੀਟਰ ਦਾ ਜ਼ਿਆਦਾ ਸਫ਼ਰ ਤੈਅ ਕਰਨਾ ਪਵੇਗਾ। ਜ਼ਿਕਰਯੋਗ ਹੈ ਕਿ ਮੌਨਸੂਨ ਸੀਜ਼ਨ ਦੌਰਾਨ ਪੈਨਟੂਨ ਪੁਲ ਹਟਾ ਦਿੱਤੇ ਜਾਂਦੇ ਹਨ ਅਤੇ ਮੌਨਸੂਨ ਸੀਜ਼ਨ ਖਤਮ ਹੋ ਜਾਣ ਬਾਅਦ ਮੁੜ ਸਥਾਪਤ ਕਰ ਦਿੱਤੇ ਜਾਂਦੇ ਹਨ। ਲੋਕ ਨਿਰਮਾਣ ਵਿਭਾਗ ਦੇ ਜੇਈ ਅਮਿਤ ਕੁਮਾਰ ਨੇ ਅਸਥਾਈ ਪੁਲਾਂ ਨੂੰ ਉਠਾਉਣ ਦੇ ਕੰਮ ਸ਼ੁਰੂ ਕਰਨ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਪਿੰਡ ਮਸਤਪੁਰ ਵਾਲਾ ਪੁਲ ਅੱਜ ਸ਼ਾਮ ਤੱਕ ਉਠਾ ਦਿੱਤਾ ਜਾਵੇਗਾ ਅਤੇ ਇਸੇ ਹਫ਼ਤੇ ਬਾਕੀ ਪੁਲ ਵੀ ਉਠਾ ਲਏ ਜਾਣਗੇ।