ਖੇਤਰੀ ਪ੍ਰਤੀਨਿਧ
ਬਟਾਲਾ, 7 ਸਤੰਬਰ
ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਸਥਾਨਕ ਬਹੁਤਕਨੀਕੀ ਕਾਲਜ ਅਤੇ ਆਈਟੀਆਈ ਬਟਾਲਾ ਵਿੱਚ ਬਲਾਕ ਬਟਾਲਾ ਦੀਆਂ ਖੇਡਾਂ ਅੱਜ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਈਆਂ। ਇਨ੍ਹਾਂ ਖੇਡਾਂ ਦੇ ਜੇਤੂ ਖਿਡਾਰੀ ਹੁਣ 12 ਸਤੰਬਰ ਤੋਂ ਸ਼ੁਰੂ ਹੋ ਰਹੀਆਂ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਹਿੱਸਾ ਲੈਣਗੇ। ਇਸ ਦੌਰਾਨ ਖਿਡਾਰੀਆਂ ਦੇ ਰੱਸਾਕਸ਼ੀ, ਫੁਟਬਾਲ, ਵਾਲੀਬਾਲ, ਖੋ-ਖੋ, ਕਬੱਡੀ ਤੇ ਅਥਲੈਟਿਕਸ ਦੇ ਵੱਖ-ਵੱਖ ਮੁਕਾਬਲੇ ਹੋਏ। ਇਸ ਮੌਕੇ ਨਾਇਬ ਤਹਿਸੀਲਦਾਰ ਲਖਵਿੰਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਹਰਪਾਲ ਸਿੰਘ ਸੰਧਾਵਾਲੀਆਂ, ਜ਼ਿਲ੍ਹਾ ਸਿੱਖਿਆ ਅਫ਼ਸਰ (ਪ) ਅਮਰਜੀਤ ਸਿੰਘ ਭਾਟੀਆ, ਇਕਬਾਲ ਸਿੰਘ ਸਮਰਾ ਸਹਾਇਕ ਸਿੱਖਿਆ ਅਫ਼ਸਰ (ਖੇਡਾਂ) ਗੁਰਦਾਸਪੁਰ ਮੌਜੂਦ ਸਨ। ਫੁਟਬਾਲ ਮੁਕਾਬਿਲਆਂ ਵਿੱਚ ਬਟਾਲਾ ਫੁਟਬਾਲ ਕਲੱਬ ਨੇ ਪਹਿਲਾ ਸਥਾਨ, ਸਰਕਾਰੀ ਸੈਕੰਡਰੀ ਸਕੂਲ ਜੈਤੋ ਸਰਜਾ ਨੇ ਦੂਜਾ, ਵਾਲੀਬਾਲ ਵਿੱਚ ਸਰਕਾਰੀ ਸੈਕੰਡਰੀ ਸਕੂਲ ਭੁੱਲਰ ਨੇ ਪਹਿਲਾ ਜਦਕਿ ਆਰਡੀ ਖੋਸਲਾ ਸਕੂਲ ਬਟਾਲਾ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਖੋ-ਖੋ ਵਿੱਚ ਡਿਵਾਇਨ ਵਿੱਲ ਸਕੂਲ ਨੇ ਪਹਿਲਾ ਅਤੇ ਆਰਡੀ ਖੋਸਲਾ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ।