ਪੱਤਰ ਪ੍ਰੇਰਕ
ਅਟਾਰੀ, 2 ਸਤੰਬਰ
ਰਾਜਿੰਦਰ ਮਾਜ਼ੀ ਦੀ ਸੰਪਾਦਨਾ ਹੇਠ ਪ੍ਰਕਾਸ਼ਿਤ ਤ੍ਰੈ-ਮਾਸਿਕ ਮੈਗਜ਼ੀਨ ‘ਮੇਲਾ’ ਦਾ ਬਲਵੰਤ ਗਾਰਗੀ ਵਿਸ਼ੇਸ਼ ਅੰਕ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਵਸਾਈ ਨਗਰੀ ਪ੍ਰੀਤ ਨਗਰ ਵਿੱਚ ਕਹਾਣੀਕਾਰ ਮੁਖਤਾਰ ਗਿੱਲ ਦੇ ਗ੍ਰਹਿ ਵਿੱਚ ਰਿਲੀਜ਼ ਕੀਤਾ ਗਿਆ। ਇਸ ਮੌਕੇ ਮੈਗਜ਼ੀਨ ਰਿਲੀਜ਼ ਕਰਨ ਦੀ ਰਸਮ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਦੀਪ ਦਵਿੰਦਰ ਸਿੰਘ, ਕਹਾਣੀਕਾਰ ਤੇ ਬਾਲ ਲੇਖਕ ਮੁਖਤਾਰ ਗਿੱਲ, ਪੰਜਾਬੀ ਸਾਹਿਤ ਸੰਗਮ ਦੇ ਪ੍ਰਧਾਨ ਡਾ. ਮੋਹਨ ਬੇਗੋਵਾਲ, ਕਹਾਣੀਕਾਰ ਮਨਮੋਹਨ ਸਿੰਘ ਬਾਸਰਕੇ, ਗ਼ਜ਼ਲਗੋ ਬਲਜਿੰਦਰ ਸਿੰਘ ਮਾਂਗਟ, ਜਗਤਾਰ ਗਿੱਲ, ਜਸਵੰਤ ਧਾਪ, ਤਰਕਸ਼ੀਲ ਆਗੂ ਸਮੀਤ ਸਿੰਘ, ਹਰਜੀਤ ਸਿੰਘ ਸੰਧੂ ਅਤੇ ਵਜ਼ੀਰ ਸਿੰਘ ਰੰਧਾਵਾ ਨੇ ਨਿਭਾਈ। ਇਸ ਮੌਕੇ ਮੁਖਤਾਰ ਗਿੱਲ ਨਾਲ ਸੰਵਾਦ ਵੀ ਰਚਾਇਆ ਗਿਆ ਅਤੇ ਉਨ੍ਹਾਂ ਤੋਂ ਰਚਨ ਪ੍ਰਕਿਰਿਆ ਅਤੇ ਜੀਵਨ ਸਬੰਧੀ ਕਈ ਸਵਾਲ ਵੀ ਪੁੱਛੇ ਗਏ। ਉਨ੍ਹਾਂ ਗੁਰਬਖਸ਼ ਸਿੰਘ ਪ੍ਰੀਤਲੜੀ ਅਤੇ ਨਾਨਕ ਸਿੰਘ ਨਾਲ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਕਿਸੇ ਸਮੇਂ ਪ੍ਰੀਤ ਨਗਰ ਤੋਂ ਲਾਹੌਰ ਨੂੰ ਕੋਲੇ ਨਾਲ ਚੱਲਣ ਵਾਲੀਆਂ ਅੱਠ ਬੱਸਾਂ ਚਲਦੀਆਂ ਰਹੀਆਂ ਹਨ। ਇਸ ਮੌਕੇ ਹਾਜ਼ਰ ਕਵੀਆਂ ਨੇ ਕਵਿਤਾਵਾਂ ਤੇ ਗ਼ਜ਼ਲਾਂ ਸੁਣਾ ਕੇ ਰੰਗ ਬੰਨ੍ਹਿਆ।