ਗੁਰਭੇਜ ਸਿੰਘ ਰਾਣਾ
ਸ੍ਰੀ ਹਰਗੋਬਿੰਦਪੁਰ, 9 ਦਸੰਬਰ
ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਪਿੰਡ ਕੀੜੀ ਅਫ਼ਗਾਨਾ ਵਿੱਚ 1 ਕਰੋੜ ਨਾਲ ਯਾਦਗਾਰੀ ਗੇਟ, ਪੰਚਾਇਤ ਘਰ, ਆਂਗਣਵਾੜੀ ਕੇਂਦਰ, ਬੱਸ ਸਟਾਪ, ਖੰਡੇ ਵਾਲਾ ਚੌਕ, ਪਾਰਕ, ਓਪਨ ਜਿੰਮ, ਸ਼ਮਸ਼ਾਨ ਘਾਟ ਤੇ ਲਾਈਟਾਂ ਲਗਾਉਣ ਦੇ ਨਾਲ ਗਲੀਆਂ-ਨਾਲੀਆਂ ਬਣਾਈਆਂ ਗਈਆਂ ਹਨ।
ਇਨ੍ਹਾਂ ਵਿਕਾਸ ਕਾਰਜਾਂ ਦਾ ਉਦਘਾਟਨ ਵਿਧਾਇਕ ਫ਼ਤਹਿਜੰਗ ਸਿੰਘ ਬਾਜਵਾ ਵੱਲੋਂ ਕੀਤਾ ਗਿਆ। ਇਸ ਮੌਕੇ ਸਮੂਹ ਪੰਚਾਇਤ ਅਤੇ ਪਿੰਡ ਵਾਸੀ ਹਾਜ਼ਰ ਸਨ। ਵਿਧਾਇਕ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਲ 2021 ਨੂੰ ਵਿਕਾਸ ਵਰ੍ਹੇ ਵਜੋਂ ਮਨਾਇਆ ਜਾਵੇਗਾ।
ਪਠਾਨਕੋਟ: ਵਿਧਾਇਕ ਵਿੱਜ ਨੇ ਵਿਕਾਸ ਕਾਰਜਾਂ ਦਾ ਜਾਇਜਾ
ਪਠਾਨਕੋਟ (ਐੈੱਨ ਪੀ ਧਵਨ): ਵਿਧਾਇਕ ਅਮਿਤ ਵਿੱਜ ਨੇ ਮੀਰਥਲ, ਘੰਡਰਾ, ਢਾਕੀ ਸੈਦਾਂ, ਚੱਕ ਚਿਮਨਾਂ, ਤਲਵਾੜਾ ਗੁਜਰਾਂ, ਕੌਂਤਰਪੁਰ, ਘਿਆਲਾ ਅਤੇ ਅਨੇੜ੍ਹ ਪਿੰਡਾਂ ਦੌਰਾ ਕੀਤਾ ਅਤੇ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਪਿੰਡ ਮੀਰਥਲ ਵਿੱਚ ਡੰਗਿਆਂ ਦੀ ਉਸਾਰੀ, ਪਿੰਡ ਘੰਡਰਾਂ ਵਿੱਚ ਗਲੀਆਂ ਨਾਲੀਆਂ ਦੀ ਉਸਾਰੀ, ਪਿੰਡ ਢਾਕੀ ਸੈਦਾਂ ਦੇ ਸਕੂਲ ਵਿੱਚ ਪਖਾਨਿਆਂ ਦੀ ਉਸਾਰੀ ਤੇ ਗਲੀਆਂ ਨਾਲੀਆਂ ਦਾ ਨਿਰਮਾਣ, ਪਿੰਡ ਤਲਵਾੜਾ ਗੁੱਜਰਾਂ ਵਿੱਚ ਸ਼ਮਸ਼ਾਨਘਾਟ ਦੀ ਉਸਾਰੀ, ਪਿੰਡ ਕੌਂਤਰਪੁਰ ਵਿੱਚ ਗਲੀਆਂ-ਨਾਲੀਆਂ ਦੇ ਨਿਰਮਾਣ, ਪਿੰਡ ਘਿਆਲਾ ਵਿੱਚ ਸਟੇਡੀਅਮ ਦੀ ਉਸਾਰੀ ਅਤੇ ਸੌਲਿਡ ਵੇਸਟ ਮੈਨੇਜਮੈਂਟ ਸਿਸਟਮ ਦੇ ਨਿਰਮਾਣ, ਪਿੰਡ ਅਨੇੜ੍ਹ ਵਿੱਚ ਡੰਗਿਆਂ ਦੀ ਉਸਾਰੀ ਦੇ ਕਾਰਜਾਂ ਦਾ ਜਾਇਜ਼ਾ ਲਿਆ ਗਿਆ। ਪਿੰਡ ਚੱਕ ਚਿਮਨਾਂ ਵਿੱਚ ਬਲਾਕ ਪਠਾਨਕੋਟ ਅਤੇ ਹਲਕਾ ਪਠਾਨਕੋਟ ਦੇ ਸਰਪੰਚਾਂ ਨਾਲ ਮੀਟਿੰਗ ਕੀਤੀ ਗਈ ਅਤੇ ਵਿਕਾਸ ਕਾਰਜਾਂ ਲਈ ਚੈੱਕ ਵੰਡੇ ਗਏ।