ਪੱਤਰ ਪ੍ਰੇਰਕ
ਪਠਾਨਕੋਟ, 4 ਜੁਲਾਈ
ਪਿੰਡ ਘੋਹ ਮੋੜ ਤੋਂ ਦਰੰਗ ਕੋਠੀ ਤੱਕ ਸੜਕ ਦੀ ਮੰਦੀ ਹਾਲਤ ਨੂੰ ਲੈ ਕੇ ਪਿੰਡ ਮੰਗਨੀ ਦੇ ਸਾਬਕਾ ਸਰਪੰਚ ਅਸ਼ੋਕ ਕੁਮਾਰ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਵੱਲੋਂ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਸ਼ਾਮ ਲਾਲ, ਸੋਮ ਨਾਥ, ਪ੍ਰਸ਼ੋਤਮ ਸਿੰਘ, ਮਨੋਹਰ ਲਾਲ, ਪੱਪੂ, ਰੂਪ ਚੰਦ ਆਦਿ ਸ਼ਾਮਲ ਸਨ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਘੋਹ ਮੋੜ ਤੋਂ ਦਰੰਗ ਕੋਠੀ ਤੱਕ ਦੀ ਸੜਕ ਪਿਛਲੇ ਕਈ ਸਾਲਾਂ ਤੋਂ ਪ੍ਰਸ਼ਾਸਨ ਦੀ ਅਣਦੇਖੀ ਦਾ ਸ਼ਿਕਾਰ ਹੈ। ਇਸ ਸੜਕ ਦੇ ਵਿਚਕਾਰ ਵੱਡੇ-ਵੱਡੇ ਟੋਏ ਪੈ ਚੁੱਕੇ ਹਨ ਅਤੇ ਇਨ੍ਹਾਂ ਵਿੱਚ ਬਰਸਾਤ ਦਾ ਪਾਣੀ ਖੜ੍ਹਾ ਰਹਿੰਦਾ ਹੈ। ਜਿਸ ਕਾਰਨ ਕਈ ਵਾਹਨ ਹਾਦਸਾਗ੍ਰਸਤ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸੜਕ ਦੀ ਮੁਰੰਮਤ ਨੂੰ ਲੈ ਕੇ ਉਹ ਕਈ ਵਾਰ ਪ੍ਰਸ਼ਾਸਨ ਅਤੇ ਮੰਡੀ ਬੋਰਡ ਨੂੰ ਜਾਣੂ ਕਰਵਾ ਚੁੱਕੇ ਹਨ ਪਰ ਇਸ ਦੇ ਬਾਵਜੂਦ ਕੋਈ ਹੱਲ ਨਹੀਂ ਹੋਇਆ। ਕਰੀਬ 10 ਕਿਲੋਮੀਟਰ ਤੱਕ ਦੀ ਸੜਕ ਪੂਰੀ ਤਰ੍ਹਾਂ ਟੋਇਆਂ ਦਾ ਹੀ ਰੂਪ ਧਾਰਨ ਕਰ ਚੁੱਕੀ ਹੈ। ਇਸ ਨਾਲ ਲੋਕਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਤੇ ਮੰਡੀ ਬੋਰਡ ਨੂੰ ਚਿਤਾਵਨੀ ਦਿੱਤੀ ਕਿ ਜੇ ਸੜਕ ਦੀ ਮੁਰੰਮਤ ਜਲਦੀ ਨਾ ਕਰਵਾਈ ਗਈ ਤਾਂ ਉਹ ਮੰਡੀ ਬੋਰਡ ਖ਼ਿਲਾਫ਼ ਲਗਾਤਾਰ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦੇਣਗੇ। ਮੰਡੀ ਬੋਰਡ ਦੇ ਐੱਸਡੀਓ ਪਰਮਪਾਲ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ 2017 ਵਿੱਚ ਇਸ ਸੜਕ ਉਪਰ ਲੁੱਕ ਵਿਛਾਈ ਗਈ ਸੀ। ਹੁਣ ਸਰਕਾਰ ਦੀ ਪਾਲਿਸੀ ਤਹਿਤ 6 ਸਾਲ ਬਾਅਦ ਇਸ ਸੜਕ ਦਾ ਨੰਬਰ ਆਵੇਗਾ ਤਾਂ ਹੀ ਇਸ ਸੜਕ ਨੂੰ ਬਣਾਇਆ ਜਾਵੇਗਾ।