ਰਾਜਿੰਦਰ ਸਿੰਘ
ਡੇਰਾ ਬਾਬਾ ਨਾਨਕ, 22 ਮਈ
ਦਰਿਆ ਰਾਵੀ ਤੋਂ ਰੇਤ ਦੀ ਨਾਜਾਇਜ਼ ਮਾਈਨਿੰਗ ਸਬੰਧੀ ਬੀਤੇ ਦਿਨੀ ਪੰਜਾਬੀ ਟ੍ਰਿਬਿਊਨ ਵਲੋਂ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ ਗਈ ਖ਼ਬਰ ਦਾ ਅਸਰ ਵੇਖਣ ਨੂੰ ਮਿਲਿਆ ਹੈ, ਜਿਸ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਦਰਿਆ ਰਾਵੀ ਦੇ ਨੇੜਲੇ ਪਿੰਡ ਘੋਨੇਵਾਲਾ ਵਿੱਚ ਪੁੱਜੇ ਅਤੇ ਮਾਈਨਿੰਗ ਖਿਲਾਫ ਧਰਨਾ ਦੇ ਰਹੇ ਕਿਸਾਨਾਂ ਦੀ ਗੱਲਬਾਤ ਸੁਣੀ। ਪਿੰਡ ਦੇ ਸਾਬਕਾ ਸਰਪੰਚ ਪਰਮਜੀਤ ਸਿੰਘ ਅਤੇ ਵੱਖ ਵੱਖ ਕਿਸਾਨਾਂ ਨੇ ਦੱਸਿਆ ਹੈ ਕਿ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਅਤੇ ਦਰਿਆ ਨੇੜਿਓਂ ਮਾਈਨਿੰਗ ਕਰਵਾਉਣ ਵਾਲੇ ਠੇਕੇਦਾਰ ਨੇ ਖ਼ਬਰ ਪ੍ਰਕਾਸ਼ਿਤ ਹੋਣ ਮਗਰੋਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਹੁਣ ਇਸ ਜਗ੍ਹਾ ਤੋਂ ਮਾਈਨਿੰਗ ਨਹੀਂ ਕਰਵਾਉਣਗੇ। ਉਨ੍ਹਾਂ ਕਿਹਾ ਹੈ ਕਿ ਮੌਕੇ ’ਤੇ ਪੁੱਜੇ ਠੇਕੇਦਾਰ ਆਪਣੀਆਂ ਮਾਈਨਿੰਗ ਵਾਲਿਆਂ ਮਸ਼ੀਨਾਂ ਵੀ ਪੁੱਟ ਕੇ ਲੈ ਗਏ ਹਨ ਅਤੇ ਪ੍ਰਸ਼ਾਸਨ ਦੇ ਭਰੋਸੇ ਮਗਰੋਂ ਕਿਸਾਨਾਂ ਨੇ ਆਪਣਾ ਧਰਨਾ ਚੁੱਕ ਲਿਆ ਹੈ। ਉਨ੍ਹਾਂ ਕਿਹਾ ਹੈ ਕਿਸਾਨਾਂ ਵਲੋਂ ਪਿਛਲੇ ਕੁਝ ਦਿਨਾਂ ਤੋਂ ਦਰਿਆ ਵੱਲ ਨੂੰ ਆਏ ਟਰੱਕਾਂ ਅਤੇ ਟਿੱਪਰਾਂ ਨੂੰ ਵੀ ਰੋਕ ਦਿੱਤਾ ਗਿਆ ਸੀ ਪਰ ਹੁਣ ਉਨ੍ਹਾਂ ਨੂੰ ਮਾਈਨਿੰਗ ਨਾ ਹੋਣ ਦਾ ਭਰੋਸਾ ਮਿਲਣ ਮਗਰੋਂ ਇਨ੍ਹਾਂ ਦੀ ਆਵਾਜਾਈ ਵੀ ਬਹਾਲ ਕਰਕੇ ਵਾਪਸ ਭੇਜ ਦਿੱਤੇ ਗਏ ਹਨ।
ਨਾਜਾਇਜ਼ ਮਾਈਨਿੰਗ ਰੋਕਣ ਲਈ ਲੱਗਣਗੇ ਸੀਸੀਟੀਵੀ ਕੈਮਰੇ
ਤਰਨ ਤਾਰਨ (ਪੱਤਰ ਪ੍ਰੇਰਕ): ਪੁਲੀਸ ਨੇ ਜ਼ਿਲ੍ਹੇ ਅੰਦਰ ਰੇਤ ਮਾਫੀਆ ਵੱਲੋਂ ਮੰਡ ਖੇਤਰ ਅੰਦਰ ਭਾਰੀ ਵਾਹਨਾਂ ਦੀ ਆਵਾਜਾਈ ਨਾਲ ਕੀਤੇ ਭਾਰੀ ਨੁਕਸਾਨ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦਾ ਪੱਕਾ ਹੱਲ ਕਰਨ ਲਈ ਕਾਰਵਾਈ ਸ਼ੁਰੂ ਕੀਤੀ ਹੈ। ਇਸ ਕਾਰਵਾਈ ਤਹਿਤ ਪੁਲੀਸ ਨੇ ਪਿਛਲੇ ਪੰਜ ਸਾਲਾਂ ਦੇ ਰਿਕਾਰਡ ਦੇ ਆਧਾਰ ਤੇ ਗੈਰ ਕਾਨੂੰਨੀ ਮਾਈਨਿੰਗ ਵਾਲੇ ਰੂਟਾਂ ਤੇ ਸੀਸੀਟੀਵੀ ਕੈਮਰੇ ਲਗਾਉਣ ਦੀ ਯੋਜਨਾ ਤਿਆਰ ਕੀਤੀ ਹੈ| ਇਸ ਸਬੰਧੀ ਐਸਐਸਪੀ ਧਰੁਮਨ ਐਚ ਨਿੰਬਾਲੇ ਦੀ ਅਗਵਾਈ ਵਿੱਚ ਅਧਿਕਾਰੀਆਂ ਵੱਲੋਂ ਅੱਜ ਮੰਡ ਖੇਤਰ ਦੇ ਵੱਖ ਵੱਖ ਥਾਵਾਂ ਦਾ ਨਿਰੀਖਣ ਕੀਤਾ। ਅਧਿਕਾਰੀ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਵੈਰੋਵਾਲ, ਗੋਇੰਦਵਾਲ ਸਾਹਿਬ, ਪੱਟੀ ਸਦਰ, ਖੇਮਕਰਨ, ਵਲਟੋਹਾ, ਹਰੀਕੇ, ਚੋਹਲਾ ਸਾਹਿਬ ਆਦਿ ਰੂਟਾਂ ’ਤੇ ਸੀਸੀਟੀਵੀ ਕੈਮਰੇ ਲਗਾਏ ਜਾਣਗੇ।