ਪੱਤਰ ਪ੍ਰੇਰਕ
ਧਾਰੀਵਾਲ, 22 ਅਕਤੂਬਰ
ਇਥੇ ਲਿਟਲ ਫਲਾਵਰ ਕਾਨਵੈਂਟ ਸਕੂਲ ਧਾਰੀਵਾਲ ਵਿੱਚ ਡਾਇਰੈਕਟਰ ਫਾਦਰ ਜੋਸ਼ ਪਡਿਆਟੀ ਅਤੇ ਪ੍ਰਿੰਸੀਪਲ ਸਿਸਟਰ ਰਜੀਨਾ ਪੌਲ ਦੀ ਅਗਵਾਈ ਹੇਠ ਦੋ ਰੋਜ਼ਾ ਸਾਲਾਨਾ ਅਥਲੈਟਿਕ ਮੀਟ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਈ। ਸਪੋਰਟਸ ਮੀਟ ਵਿੱਚ ਸਕੂਲ ਦੇ ਵੱਖ-ਵੱਖ ਹਾਊਸਾਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲਿਆ। ਸਪੋਰਟਸ ਮੀਟ ਦਾ ਉਦਘਾਟਨ ਡੀਐੱਸਪੀ ਸੁਖਵਿੰਦਰ ਸਿੰਘ ਬਰਾੜ ਨੇ ਕੀਤਾ। ਅੱਜ ਅਖੀਰਲੇ ਦਿਨ ਐੱਸਡੀਐੱਮ ਗੁਰਦਾਸਪੁਰ ਅਮਨਦੀਪ ਕੌਰ ਘੁੰਮਣ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਨਾਮ ਵੰਡ ਸਮਾਗਮ ’ਚ ਮੁੱਖ ਮਹਿਮਾਨ ਐੱਸਡੀਐੱਮ ਘੁੁੰਮਣ ਵਲੋਂ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐੱਸਡੀਐੱਮ ਘੁੰਮਣ ਨੇ ਸੰਬੋਧਨ ਕਰਦਿਆਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਵਧੇਰੇ ਰੁਚੀ ਰੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਖੇਡਾਂ ਜਿਥੇ ਸਰੀਰ ਨੂੰ ਤੰਦਰੁਸਤ ਰੱਖਦੀਆਂ ਅਤੇ ਅਨੁਸ਼ਾਸ਼ਨ ਵਿੱਚ ਰਹਿਣਾ ਸਿਖਾਉਂਦੀਆਂ ਹਨ, ਉਥੇ ਮੁਕਾਬਲੇ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ।
ਵਾਲੀਬਾਲ: ਆਦਮਪੁਰ ਦੇ ਖਿਡਾਰੀਆਂ ਦਾ ਸੂਬਾ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ
ਆਦਮਪੁਰ ਦੋਆਬਾ (ਜਲੰਧਰ) (ਪੱਤਰ ਪ੍ਰੇਰਕ): ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਵਾਲੀਬਾਲ ਮੁਕਾਬਲੇ ਫ਼ਰੀਦਕੋਟ ਵਿੱਚ ਹੋਏ, ਜਿਸ ਵਿਚ ਸੂਬੇ ਦੇ 23 ਜ਼ਿਲ੍ਹਿਆਂ ਦੀਆਂ ਵਾਲੀਬਾਲ ਟੀਮਾਂ ਨੇ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ਵਿਚ ਆਦਮਪੁਰ ਦੇ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਕੇ ਤੀਜਾ ਸਥਾਨ ਪ੍ਰਾਪਤ ਕਰ ਕੇ ਕਾਂਸੇ ਦਾ ਤਗਮਾ ਜਿੱਤਿਆ। ਜ਼ਿਕਰਯੋਗ ਹੈ ਕਿ ਜਲੰਧਰ ਜ਼ਿਲ੍ਹੇ ਵੱਲੋਂ ਖੇਡਣ ਵਾਲੇ 12 ਖਿਡਾਰੀਆਂ ’ਚੋਂ 8 ਖਿਡਾਰੀ ਇਕੱਲੇ ਆਦਮਪੁਰ ਬਲਾਕ ਦੇ ਹੀ ਸਨ। ਜ਼ਿਲ੍ਹਾ ਪੱਧਰੀ ਵਾਲੀਬਾਲ ਮੁਕਾਬਲਿਆਂ ਵਿਚ ਵੀ ਆਦਮਪੁਰ ਦੀ ਟੀਮ ਨੇ ਗੋਲਡ ਮੈਡਲ ਜਿੱਤਿਆ ਸੀ। ਆਦਮਪੁਰ ਦੇ ਇਸ ਸ਼ਾਨਦਾਰ ਪ੍ਰਦਰਸ਼ਨ ’ਤੇ ਖੇਡ ਪ੍ਰਬੰਧਕ ਹਰਿੰਦਰ ਸਿੰਘ, ਪ੍ਰਿੰਸੀਪਲ ਰਾਜ ਰਾਣੀ ਤੇ ਜ਼ੋਨਲ ਸਕੱਤਰ ਬਲਜੀਤ ਸਿੰਘ ਢਿੱਲੋਂ ਵਲੋਂ ਇਨ੍ਹਾਂ ਮੈਡਲ ਜੇਤੂ ਖਿਡਾਰੀਆਂ, ਮੋਹਨ ਲਾਲ ਨਿੱਕੂ, ਡੀਪੀ ਗੁਰਚਰਨ ਸਿੰਘ, ਲੈਕਚਰਾਰ ਬ੍ਰਿਜ ਲਾਲ, ਲੈਕਚਰਾਰ ਗੁਰਿੰਦਰ ਸਿੰਘ ਪੰਡੋਰੀ ਸਕੂਲ, ਹਰਦੀਪ ਭੱਟੀ, ਗੁਰਮੀਤ ਕਿੱਟੂ, ਸੁਸ਼ੀਲ ਡੋਗਰਾ, ਸੰਦੀਪ ਕੁਮਾਰ ਤੇ ਕੁਲਵਿੰਦਰ ਲਾਡੀ ਨੂੰ ਮੁਬਾਰਕਾਂ ਦਿੱਤੀਆਂ ਗਈਆਂ ਤੇ ਹੋਰ ਵਿਦਿਆਰਥੀਆਂ ਨੂੰ ਇਨ੍ਹਾਂ ਜੇਤੂ ਖਿਡਾਰੀਆਂ ਤੋਂ ਸਿੱਖਣ ਲਈ ਉਤਸ਼ਾਹਿਤ ਕੀਤਾ।