ਪੱਤਰ ਪ੍ਰੇਰਕ
ਕਾਹਨੂੰਵਾਨ, 22 ਅਪਰੈਲ
ਕਸਬਾ ਚੱਕ ਸ਼ਰੀਫ਼ ਵਿੱਚ ਟਿਊਬਵੈੱਲ ਮੋਟਰਾਂ ਦੀਆਂ ਲਗਾਤਾਰ ਹੋ ਰਹੀਆਂ ਚੋਰੀਆਂ ਤੋਂ ਤੰਗ ਕਿਸਾਨ ਰੋਸ ਪ੍ਰਦਰਸ਼ਨ ਕਰਨ ਲਈ ਇਕੱਠੇ ਹੋ ਰਹੇ ਸਨ। ਇਸ ਸਬੰਧੀ ਕਿਸਾਨ ਆਗੂ ਮਨਜੀਤ ਸਿੰਘ ਮੁੰਨਣ ਕਲਾਂ ਤੇ ਕੁਲਵਿੰਦਰ ਸਿੰਘ ਕਿਸ਼ਨਪੁਰ ਨੇ ਦੱਸਿਆ ਕਿ ਬੇਟ ਖੇਤਰ ਵਿੱਚ ਪਿਛਲੇ ਕਰੀਬ ਦੋ ਮਹੀਨੇ ਤੋਂ ਕਿਸਾਨਾਂ ਦੀਆਂ ਟਿਊਬਵੈੱਲ ਮੋਟਰਾਂ ਚੋਰੀ ਹੋਣ ਦਾ ਸਿਲਸਿਲਾ ਚੱਲ ਰਿਹਾ ਹੈ। ਇਸ ਦੌਰਾਨ ਬਹੁਤ ਸਾਰੇ ਕਿਸਾਨਾਂ ਦੀਆਂ 4-4 ਤੋਂ ਵੀ ਵੱਧ ਟਿਊਬਵੈੱਲ ਮੋਟਰਾਂ ਚੋਰੀ ਹੋ ਚੁੱਕੀਆਂ ਹਨ ਜਿਸ ਖ਼ਿਲਾਫ਼ ਥਾਣਾ ਭੈਣੀ ਮੀਆਂ ਖਾਂ ਅਤੇ ਕਾਹਨੂੰਵਾਨ ਵਿੱਚ ਕਈ ਵਾਰ ਲਿਖਤੀ ਸ਼ਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ ਪਰ ਪੁਲੀਸ ਵੱਲੋਂ ਅਜੇ ਤੱਕ ਕਿਸੇ ਚੋਰ ਗਰੋਹ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ ਜਿਸ ਦੇ ਵਿਰੋਧ ਵਿੱਚ ਦਰਜਨ ਤੋਂ ਵੱਧ ਪਿੰਡਾਂ ਦੇ ਕਿਸਾਨ ਇਕੱਠੇ ਹੋ ਗਏ ਜਿਸ ਦੀ ਭਿਣਕ ਪੁਲੀਸ ਨੂੰ ਲੱਗ ਗਈ। ਥਾਣਾ ਮੁਖੀ ਭੈਣੀ ਮੀਆਂ ਖਾਂ ਸੁਮਨਪ੍ਰੀਤ ਕੌਰ ਮਾਨ ਅਤੇ ਥਾਣਾ ਮੁਖੀ ਕਾਹਨੂੰਵਾਨ ਬਲਜਿੰਦਰ ਸਿੰਘ ਔਲਖ ਪਹੁੰਚ ਗਏ ਅਤੇ ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਮੋਟਰ ਚੋਰ ਗਰੋਹ ਦੇ ਕੁੱਝ ਮੈਂਬਰ ਕਾਬੂ ਕੀਤੇ ਹਨ। ਤਫ਼ਤੀਸ਼ ਚੱਲ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਕਥਿਤ ਦੋਸ਼ੀ ਕਾਬੂ ਕਰ ਲਏ ਜਾਣਗੇ ਜਿਸ ਤੋਂ ਬਾਅਦ ਕਿਸਾਨਾਂ ਨੇ ਰੋਸ ਪ੍ਰਦਸ਼ਰਨ ਮੁਲਤਵੀ ਕਰ ਦਿੱਤਾ।