ਪੱਤਰ ਪ੍ਰੇਰਕ
ਦੀਨਾਨਗਰ, 5 ਜੁਲਾਈ
ਸ਼ਹਿਰ ਦੀ ਖੂਬਸੂਰਤੀ ਵਧਾਉਣ ਅਤੇ ਲੋਕਾਂ ਨੂੰ ਚੰਗਾ ਵਾਤਾਵਰਨ ਦੇਣ ਦੇ ਉਦੇਸ਼ ਨਾਲ ਲੇਬਰ ਚੌਕ ਨੇੜੇ ਬਣਾਏ ਜਾ ਰਹੇ ਪਾਰਕ ਦੇ ਨਿਰਮਾਣ ਕਾਰਜਾਂ ਦਾ ਅੱਜ ਵਿਧਾਇਕਾ ਅਰੁਨਾ ਚੌਧਰੀ ਵੱਲੋਂ ਨਿਰੀਖਣ ਕੀਤਾ ਗਿਆ ਅਤੇ ਪਾਰਕ ’ਚ ਲਗਾਏ ਗਏ ਫੁਹਾਰੇ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਵਰਗੇ ਵੱਡੇ ਸ਼ਹਿਰ ਦੀ ਤਰਜ਼ ’ਤੇ ਦੀਨਾਨਗਰ ਸ਼ਹਿਰ ਅੰਦਰ ਪਾਰਕ ਬਣਾਉਣਾ ਉਨ੍ਹਾਂ ਦਾ ਡਰੀਮ ਪ੍ਰਾਜੈਕਟ ਸੀ, ਜਿਸ ਨੂੰ ਕਾਂਗਰਸ ਸਰਕਾਰ ਵੇਲੇ ਮਨਜ਼ੂਰ ਕਰਵਾਇਆ ਗਿਆ। ਇਸ ਦੇ ਲਈ ਲੇਬਰ ਚੌਕ ਨੇੜੇ ਸਥਿਤ ਬਿਜਲੀ ਵਿਭਾਗ ਦੀ ਖ਼ਾਲੀ ਪਈ ਜ਼ਮੀਨ ਨੂੰ 1.58 ਕਰੋੜ ਰੁਪਏ ’ਚ ਖ਼ਰੀਦਿਆ ਗਿਆ ਅਤੇ ਪਾਰਕ ਬਣਾਉਣ ਲਈ ਵੱਖਰੇ ਤੌਰ ’ਤੇ 1.12 ਕਰੋੜ ਰੁਪਏ ਮਨਜ਼ੂਰ ਕਰਵਾਏ ਗਏ। ਅਰੁਨਾ ਚੌਧਰੀ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਸ਼ਹਿਰ ਅੰਦਰ ਪਾਰਕ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਸੀ, ਜਿਸ ਦੇ ਬਣਨ ਨਾਲ ਸ਼ਹਿਰ ਵਾਸੀਆਂ ਨੂੰ ਬਹੁਤ ਫ਼ਾਇਦਾ ਹੋਵੇਗਾ ਅਤੇ ਉਹ ਰੋਜ਼ਾਨਾ ਸਵੇਰ-ਸ਼ਾਮ ਇੱਥੇ ਸੈਰ ਕਰਨ ਤੋਂ ਇਲਾਵਾ ਚੰਗੇ ਵਾਤਾਵਰਨ ’ਚ ਸਮਾਂ ਬਤੀਤ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਸੈਰ ਕਰਨ ਲਈ ਟਰੈਕ ਤਿਆਰ ਹੋ ਰਿਹਾ ਹੈ ਅਤੇ ਬੱਚਿਆਂ ਲਈ ਪੰਗੂੜੇ ਵਗੈਰਾ ਵੀ ਲਗਾਏ ਜਾ ਰਹੇ ਹਨ, ਜਿਨ੍ਹਾਂ ਦਾ ਕੰਮ ਅਗਲੇ ਦੋ ਮਹੀਨਿਆਂ ਤੱਕ ਮੁਕੰਮਲ ਕਰ ਲਿਆ ਜਾਵੇਗਾ। ਇਸ ਮੌਕੇ ਸੀਨੀਅਰ ਨੇਤਾ ਅਸ਼ੋਕ ਚੌਧਰੀ, ਨਗਰ ਕੌਂਸਲ ਪ੍ਰਧਾਨ ਨੀਟੂ ਚੌਹਾਨ, ਉਪ ਪ੍ਰਧਾਨ ਪ੍ਰਵੀਨ ਬਾਬਾ, ਸ਼ਹਿਰੀ ਪ੍ਰਧਾਨ ਸਤਿੰਦਰ ਮਹਾਜਨ, ਕੌਂਸਲਰ ਅਜੇ ਸਟਾਰ, ਪ੍ਰਧਾਨ ਅਮਰਜੀਤ ਅੰਬੀ, ਚੇਅਰਮੈਨ ਜਿੰਮੀ ਬਰਾੜ, ਕੌਂਸਲਰ ਪਰਮਜੀਤ ਕੌਰ ਆਦਿ ਹਾਜ਼ਰ ਸਨ।