
ਖੇਤੀਬਾੜੀ ਵਿਭਾਗ ਦੇ ਅਧਿਕਾਰੀ ਕਣਕ ਦੀ ਫ਼ਸਲ ਦਾ ਨਿਰੀਖਣ ਕਰਦੇ ਹੋਏ।
ਰਾਜਨ ਮਾਨ
ਮਜੀਠਾ, 9 ਦਸੰਬਰ
ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ. ਜਤਿੰਦਰ ਸਿੰਘ ਗਿੱਲ ਨੇ ਕਿਹਾ ਹੈ ਕਿ ਕਣਕ ਦੀ ਫ਼ਸਲ ਉੱਤੇ ਗੁਲਾਬੀ ਸੁੰਡੀ ਦੇ ਹਮਲੇ ਤੋਂ ਕਿਸਾਨ ਸੁਚੇਤ ਰਹਿਣ ਤਾਂ ਜੋ ਫਸਲ ਨੂੰ ਸਮੇਂ ਸਿਰ ਨੁਕਸਾਨ ਤੋਂ ਬਚਾਇਆ ਜਾ ਸਕੇ। ਇਲਾਕੇ ਦੇ ਬਲਾਕਾਂ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਦਿਆਂ ਉਨ੍ਹਾਂ ਦੱਸਿਆ ਕਿਸਾਨ ਹਰਬੀਰ ਸਿੰਘ ਦੇ ਖੇਤ ਵਿੱਚ ਵੇਖਿਆ ਗਿਆ ਹੈ ਕਿ ਕਣਕ ਦੀ ਫ਼ਸਲ ’ਤੇ ਗੁਲਾਬੀ ਸੁੰਡੀ ਦਾ ਹਮਲਾ ਹੋਇਆ ਹੈ। ਉਨ੍ਹਾਂ ਕਿਹਾ ਕਿ ਫ਼ਸਲ ਨੂੰ ਨੁਕਸਾਨ ਤੋਂ ਬਚਾਉਣ ਲਈ ਕਿਸਾਨਾਂ ਨੂੰ ਪਹਿਲਾਂ ਤੋਂ ਹੀ ਸੁਹਿਰਦ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਸਮੂਹ ਖੇਤੀਬਾੜੀ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਆਪੋ-ਆਪਣੇ ਖੇਤਰਾਂ ਵਿੱਚ ਗੁਲਾਬੀ ਸੁੰਡੀ ਦੀ ਮਾਰ ਤੋਂ ਕਣਕ ਨੂੰ ਬਚਾਉਣ ਲਈ ਖੇਤਾਂ ਦੇ ਦੌਰੇ ਕਰਨ ਅਤੇ ਕਿਸਾਨਾਂ ਨੂੰ ਜਾਗਰੂਕ ਕਰਨ। ਉਨ੍ਹਾਂ ਕਿਹਾ ਕਿ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਕਣਕ ਨੂੰ ਗੁਲਾਬੀ ਬੁੰਡੀ ਤੋਂ ਬਚਾਉਣ ਲਈ ਸਖ਼ਤ ਹਦਾਇਤਾਂ ਦਿੱਤੀਆਂ ਹਨ।
ਡਾ. ਗਿੱਲ ਨੇ ਕਿਹਾ ਕਿ ਗੁਲਾਬੀ ਸੁੰਡੀ ਤੋਂ ਫ਼ਸਲ ਨੂੰ ਬਚਾਉਣ ਲਈ ਕਿਸਾਨ ਜਾਗਰੂਕ ਰਹਿਣ ਅਤੇ ਸੁੰਡੀ ਦੇ ਹਮਲੇ ਸਬੰਧੀ ਜਾਣਕਾਰੀ ਮਿਲਣ ’ਤੇ ਤੁਰੰਤ ਬਲਾਕ ਖੇਤੀਬਾੜੀ ਦਫਤਰ ਨਾਲ ਸੰਪਰਕ ਕਰਨ ਤਾਂ ਕਿ ਜਲਦੀ ਹੀ ਗੁਲਾਬੀ ਸੁੰਡੀ ਦੇ ਹਮਲੇ ’ਤੇ ਕਾਬੂ ਪਾਇਆ ਜਾ ਸਕੇ।
ਇਸ ਮੌਕੇ ਉਨ੍ਹਾਂ ਨਾਲ ਡਾ. ਭੁਪਿੰਦਰ ਸਿੰਘ, ਵਿਸਥਾਰ ਅਫਸਰ ਪ੍ਰਭਦੀਪ ਗਿੱਲ ਚੇਤਨਪੁਰਾ, ਡਾ. ਅਜਮੇਰ ਸਿੰਘ, ਜਸਦੀਪ ਸਿੰਘ ਅਜਨਾਲਾ, ਸੁਖਮੀਤ ਸਿੰਘ ਆਦਿ ਹਾਜ਼ਰ ਸਨ।
ਸੁੰਡੀ ਦੀ ਰੋਕਥਾਮ ਲਈ ਉਪਾਅ ਸੁਝਾਇਆ
ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ. ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਗੁਲਾਬੀ ਸੁੰਡੀ ਦੀ ਰੋਕਥਾਮ ਲਈ 50 ਮਿਲੀਲੀਟਰ ਪ੍ਰਤੀ ਏਕੜ ਕੋਰਾਜਨ 18.5 ਐਸਸੀ (ਕਲੋਰ ਐਟਰਾਨਿਲੀਪਰੋਲ) ਪ੍ਰਤੀ ਏਕੜ ਸਪਰੇਅ ਕਰਨੀ ਚਾਹੀਦੀ ਹੈ ਜਾਂ 7 ਕਿਲੋ ਫਿਪਰੋਨਿਲ ਜਾਂ ਇਕ ਲੀਟਰ ਕਲੋਰੋਪੈਰੀਫਾਸ 20 ਈਸੀ ਨੂੰ 20 ਕਿਲੋ ਸਿੱਲ੍ਹੀ ਮਿੱਟੀ ਨਾਲ ਰਲਾ ਕੇ ਪਹਿਲਾ ਪਾਣੀ ਲਗਾਉਣ ਤੋਂ ਪਹਿਲਾਂ ਛਿੱਟਾ ਦੇਣਾ ਚਾਹੀਦਾ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ