ਐਨ.ਪੀ.ਧਵਨ
ਪਠਾਨਕੋਟ, 2 ਜੂਨ
ਅੱਜ ਨਗਰ ਕੌਂਸਲ ਸੁਜਾਨਪੁਰ ਦੇ ਪ੍ਰਧਾਨ ਅਹੁਦੇ ਦੀ ਚੋਣ ਆਖ਼ਰਕਾਰ ਸਿਰੇ ਚੜ੍ਹ ਹੀ ਗਈ ਅਤੇ ਕਾਂਗਰਸ ਦੀ ਅਨੁਰਾਧਾ ਬਾਲੀ ਨੂੰ ਪ੍ਰਧਾਨ ਚੁਣ ਲਿਆ ਗਿਆ ਜਦਕਿ ਉਪ-ਪ੍ਰਧਾਨ ਦੀ ਚੋਣ ਵਿੱਚ ਕਾਂਗਰਸ ਦੇ ਹੀ ਕੌਂਸਲਰ ਸੁਰਿੰਦਰ ਮਨਹਾਸ ਭਾਜਪਾ ਦੀ ਕੌਂਸਲਰ ਅਵਿਨਾਸ਼ ਡੋਗਰਾ ਨੂੰ 1 ਵੋਟ ਨਾਲ ਹਰਾ ਕੇ ਉਪ-ਪ੍ਰਧਾਨ ਬਣ ਗਏ। ਇਹ ਚੋਣ ਐੱਸਡੀਐੱਮ ਗੁਰਸਿਮਰਨਜੀਤ ਸਿੰਘ ਦੀ ਅਗਵਾਈ ਹੇਠ ਹੋਈ।
ਜਾਣਕਾਰੀ ਅਨੁਸਾਰ ਕੌਂਸਲਰ ਸੁਰਿੰਦਰ ਮਨਹਾਸ ਨੇ ਕਾਂਗਰਸ ਪਾਰਟੀ ਵੱਲੋਂ ਭੇਜੇ ਗਏ ਵਿਪ ਨੂੰ ਪੜ੍ਹਿਆ ਅਤੇ ਵਿਪ ਅਨੁਸਾਰ ਕੌਂਸਲਰ ਅਨੁਰਾਧਾ ਬਾਲੀ ਦਾ ਨਾਂ ਪ੍ਰਧਾਨ ਦੇ ਅਹੁਦੇ ਲਈ ਪੇਸ਼ ਕੀਤਾ। ਇਸ ਦੀ ਤਾਈਦ ਕੌਂਸਲਰ ਪੁਸ਼ਪਾ ਦੇਵੀ ਨੇ ਕੀਤੀ ਅਤੇ ਤੀਸਰੀ ਤਾਈਦ ਕੌਂਸਲਰ ਮਹਿੰਦਰ ਬਾਲੀ ਨੇ ਕੀਤੀ। ਇਸ ਉਪਰੰਤ ਤਾੜੀਆਂ ਦੀ ਆਵਾਜ਼ ਵਿੱਚ ਅਨੁਰਾਧਾ ਬਾਲੀ ਨੂੰ ਨਗਰ ਕੌਂਸਲ ਦਾ ਪ੍ਰਧਾਨ ਚੁਣ ਲਿਆ ਗਿਆ। ਇਸ ਦੇ ਬਾਅਦ ਉਪ-ਪ੍ਰਧਾਨ ਲਈ ਵਿਪ ਨੂੰ ਪੜ੍ਹਿਆ ਗਿਆ ਤਾਂ ਉਸ ਵਿੱਚ ਕੌਂਸਲਰ ਸੁਰਿੰਦਰ ਮਨਹਾਸ ਦਾ ਨਾਂ ਸੁਣ ਕੇ ਭਾਰਤੀ ਜਨਤਾ ਪਾਰਟੀ ਵੱਲੋਂ ਉਪ-ਪ੍ਰਧਾਨ ਪਦ ਲਈ ਕੌਂਸਲਰ ਅਵਿਨਾਸ਼ ਡੋਗਰਾ ਦਾ ਨਾਂ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਵੋਟਿੰਗ ਕਰਵਾਈ ਗਈ। ਇਸ ਪੋਲਿੰਗ ਵਿੱਚ 7 ਵੋਟਾਂ ਸੁਰਿੰਦਰ ਮਨਹਾਸ ਨੂੰ ਅਤੇ 6 ਵੋਟਾਂ ਅਵਿਨਾਸ਼ ਡੋਗਰਾ ਨੂੰ ਮਿਲੀਆਂ ਜਿਸ ’ਤੇ ਸੁਰਿੰਦਰ ਮਨਹਾਸ ਇੱਕ ਵੋਟ ਨਾਲ ਜੇਤੂ ਹੋ ਨਬਿੜੇ।
ਜ਼ਿਕਰਯੋਗ ਹੈ ਕਿ ਨਗਰ ਕੌਂਸਲ ਸੁਜਾਨਪੁਰ ਅੰਦਰ ਕਾਂਗਰਸ ਪਾਰਟੀ ਵਿੱਚ ਫੁੱਟ ਹੋਣ ਕਾਰਨ ਪਹਿਲਾਂ 15 ਅਪਰੈਲ ਅਤੇ ਫਿਰ 29 ਅਪਰੈਲ ਨੂੰ ਰੱਖੀ ਗਈ ਚੋਣ ਮੁਲਤਵੀ ਕਰਨੀ ਪਈ ਸੀ ਪਰ ਅੱਜ ਤੀਸਰੀ ਵਾਰ ਸਿਰੇ ਚੜ੍ਹ ਹੀ ਗਈ। ਇਸ ਸਬੰਧੀ ਹਲਕਾ ਭੋਆ ਦੇ ਵਿਧਾਇਕ ਜੋਗਿੰਦਰ ਪਾਲ ਜੋ ਕਿ ਨਗਰ ਕੌਂਸਲ ਸੁਜਾਨਪੁਰ ਦੇ ਵੀ ਮੈਂਬਰ ਹਨ, ਨੇ ਕਿਹਾ ਕਿ ਉਹ ਦਿੱਲੀ ਪਾਰਟੀ ਦੀ ਮੀਟਿੰਗ ਵਿੱਚ ਜਾ ਰਹੇ ਹਨ, ਜਿਸ ਕਾਰਨ ਉਹ ਹਾਊਸ ਮੀਟਿੰਗ ਵਿੱਚ ਨਹੀਂ ਜਾ ਸਕੇ।
ਰਾਜ ਕੁਮਾਰ ਗੁਪਤਾ ਨੇ ਭਾਜਪਾ ਨੂੰ ਅਲਵਿਦਾ ਆਖੀ
ਸੁਜਾਨਪੁਰ ਨਗਰ ਕੌਂਸਲ ਦੇ ਪ੍ਰਧਾਨ ਅਤੇ ਉਪ-ਪ੍ਰਧਾਨ ਦੀ ਚੋਣ ਸਮੇਂ ਭਾਜਪਾ ਦੇ ਵਿਧਾਇਕ ਦਿਨੇਸ਼ ਸਿੰਘ ਬੱਬੂ ਵੱਲੋਂ ਭਾਜਪਾ ਦੇ ਕੌਂਸਲਰ ਤੇ ਸਾਬਕਾ ਕੌਂਸਲ ਪ੍ਰਧਾਨ ਰਾਜ ਕੁਮਾਰ ਗੁਪਤਾ ਦੇ ਪ੍ਰਧਾਨ ਅਹੁਦੇ ਦੇ ਦਾਅਵੇ ਨੂੰ ਨਜ਼ਰਅੰਦਾਜ਼ ਕੀਤੇ ਜਾਣ ਦੇ ਵਿਰੋਧ ਵਿੱਚ ਸ੍ਰੀ ਗੁਪਤਾ ਨੇ ਅੱਜ ਭਾਜਪਾ ਨੂੰ ਅਲਵਿਦਾ ਆਖ ਦਿੱਤਾ। ਇਸ ਮੌਕੇ ਕੌਂਸਲਰ ਰਾਜ ਕੁਮਾਰ ਗੁਪਤਾ ਨੇ ਕਿਹਾ ਕਿ ਉਨ੍ਹਾਂ 45 ਸਾਲ ਦੀ ਸਖਤ ਮਿਹਨਤ ਤੇ ਇਮਾਨਦਾਰੀ ਨਾਲ ਸੁਜਾਨਪੁਰ ਅੰਦਰ ਪਾਰਟੀ ਦੀ ਸੇਵਾ ਕੀਤੀ। ਉਨ੍ਹਾਂ ਦੋਸ਼ ਲਗਾਇਆ ਕਿ ਅੱਜ ਨਗਰ ਕੌਂਸਲ ਦੀ ਚੋਣ ਸਮੇਂ ਭਾਜਪਾ ਦੇ ਵਿਧਾਇਕ ਦਿਨੇਸ਼ ਸਿੰਘ ਬੱਬੂ ਨੇ ਕਾਂਗਰਸ ਪਾਰਟੀ ਦੇ ਨਾਲ ਮਿਲ ਕੇ ਫਰੈਂਡਲੀ ਮੈਚ ਖੇਡਿਆ ਜਿਸ ਕਾਰਨ ਉਹ ਪ੍ਰਧਾਨ ਦੇ ਅਹੁਦੇ ਤੋਂ ਵਾਂਝੇ ਰਹਿ ਗਏ। ਭਾਜਪਾ ਵਿਧਾਇਕ ਦਿਨੇਸ਼ ਬੱਬੂ ਨੇ ਉਨ੍ਹਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਇਸ ਕਰਕੇ ਉਹ ਦੁਖੀ ਮਨ ਨਾਲ ਭਾਜਪਾ ਛੱਡ ਰਹੇ ਹਨ।