ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 17 ਨਵੰਬਰ
ਅੱਜੇ ਪਏ ਭਾਰੀ ਮੀਂਹ ਮਗਰੋਂ ਪਿੰਡ ਕੀੜੀ ਅਫਗਾਨਾ ਦੀ ਮੁੱਖ ਗਲੀ ਚਿੱਕੜ ਨਾਲ ਭਰ ਜਾਣ ਕਾਰਨ ਨਰਕ ਦਾ ਰੂਪ ਅਖ਼ਤਿਆਰ ਕਰ ਗਈ। ਇਸ ਸਬੰਧੀ ਗੱਲ ਕਰਦਿਆਂ ਪਿੰਡ ਵਾਸੀ ਗੁਰਦਿਆਲ ਸਿੰਘ ਤੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਨੂੰ ਜਾਂਦੀ ਮੁੱਖ ਗਲੀ ਦੀ ਹਾਲਤ ਪਿਛਲੇ ਲੰਮੇ ਸਮੇਂ ਤੋਂ ਬਦਤਰ ਬਣੀ ਹੋਈ ਹੈ, ਪਰ ਹੁਣ ਬਰਸਾਤ ਪੈਣ ਤੋਂ ਬਾਅਦ ਸਾਰੀ ਗਲੀ ਵਿੱਚ ਨਿਕਾਸੀ ਨਾਲੇ ਦੀ ਗੰਦੀ ਗਾਰ ਵੀ ਭਰ ਗਈ ਹੈ, ਜਿਸ ਕਾਰਨ ਗਲੀ ਲਾਗਲੇ ਘਰਾਂ ਦੀ ਹਾਲਤ ਬੇਹੱਦ ਖਰਾਬ ਹੋਈ ਪਈ ਹੈ।
ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਹ ਮਾਮਲਾ ਕਈ ਵਾਰ ਪਿੰਡ ਦੇ ਸਰਪੰਚ ਜਸਵੰਤ ਸਿੰਘ ਅਤੇ ਬਲਾਕ ਵਿਕਾਸ ਅਫ਼ਸਰ ਕਾਹਨੂੰਵਾਨ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ, ਪਰ ਅਜੇ ਤੱਕ ਵਿਭਾਗ ਵੱਲੋਂ ਇਸ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਨੇ ਪੰਚਾਇਤ ਵਿਭਾਗ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪਿੰਡ ਦੀ ਮੁੱਖ ਗਲੀ ਵਿੱਚ ਭਰੇ ਗੰਦੇ ਪਾਣੀ ਦਾ ਪੱਕਾ ਹੱਲ ਕੀਤਾ ਜਾਵੇ ਅਤੇ ਇਸ ਗਲੀ ਦੀ ਆਧੁਨਿਕ ਢੰਗ ਨਾਲ ਮੁੜ ਉਸਾਰੀ ਕਰਕੇ ਸਾਫ਼ ਸਫ਼ਾਈ ਦਾ ਢੁਕਵਾਂ ਪ੍ਰਬੰਧ ਕੀਤਾ ਜਾਵੇ।
ਜਾਣਕਾਰੀ ਮੁਤਾਬਿਤ ਅੱਜ 20 ਤੋਂ ਵੱਧ ਪਿੰਡ ਵਾਸੀਆਂ ਨੇ ਇਸ ਮਾਮਲੇ ਨੂੰ ਲੈ ਕੇ ਬਲਾਕ ਵਿਕਾਸ ਅਫ਼ਸਰ ਅਤੇ ਪੰਚਾਇਤ ਵਿਭਾਗ ਦੇ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਇਸ ਸਮੱਸਿਆ ਦਾ ਹੱਲ ਹੁਣ ਵੀ ਨਾ ਕੀਤਾ ਗਿਆ ਤਾਂ ਉਹ ਇਸ ਮਾਮਲੇ ਨੂੰ ਲੈ ਕੇ ਸਮੂਹ ਪਿੰਡ ਵਾਸੀਆਂ ਦੇ ਨਾਲ ਬਲਾਕ ਦਫ਼ਤਰ ਵਿੱਚ ਰੋਸ ਪ੍ਰਗਟ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਰੋਸ ਪ੍ਰਗਟ ਕਰਨ ਵਾਲਿਆਂ ਵਿੱਚ ਸੇਵਾ ਮੁਕਤ ਅਧਿਆਪਕ ਗੁਰਦਿਆਲ ਸਿੰਘ, ਸੋਨੂੰ, ਬਹਾਦਰ ਸਿੰਘ, ਬਲਬੀਰ ਸਿੰਘ, ਸੋਨੂੰ ਸਿੰਘ, ਬਹਾਦਰ ਸਿੰਘ, ਦਰਸ਼ਨ ਸਿੰਘ ਆਦਿ ਸਮੇਤ ਦੋ ਦਰਜਨ ਤੋਂ ਵੱਧ ਪਿੰਡ ਵਾਸੀ ਸ਼ਾਮਲ ਸਨ।